Mar 12, 2025 7:04 PM - Connect Newsroom
ਭਾਰਤ ਵਿਚ ਬਿਨਾਂ ਵੈਲਿਡ ਪਾਸਪੋਰਟ ਦੇ ਦਾਖ਼ਲ ਹੋਣ 'ਤੇ ਹੁਣ 5 ਸਾਲ ਦੀ ਜੇਲ੍ਹ ਹੋ ਸਕਦੀ ਹੈ। ਇਸ ਸਬੰਧੀ ਸਰਕਾਰ ਨੇ ਮੰਗਲਵਾਰ ਨੂੰ ਲੋਕ ਸਭਾ ਵਿਚ ਇਮੀਗ੍ਰੇਸ਼ਨ ਬਿੱਲ 2025 ਪੇਸ਼ ਕੀਤਾ ਹੈ।
ਬਿੱਲ ਅਨੁਸਾਰ, ਜੇ ਕੋਈ ਗੈਰ-ਕਾਨੂੰਨੀ ਤਰੀਕੇ ਨਾਲ ਕਿਸੇ ਵਿਦੇਸ਼ੀ ਨੂੰ ਦੇਸ਼ ਵਿਚ ਲਿਆਉਂਦਾ ਹੈ, ਰੱਖਦਾ ਹੈ ਜਾਂ ਵਸਾਉਂਦਾ ਹੈ ਤਾਂ ਉਸ ਨੂੰ ਵੀ 3 ਸਾਲ ਦੀ ਕੈਦ ਜਾਂ 2 ਤੋਂ 5 ਲੱਖ ਰੁਪਏ ਤੱਕ ਦਾ ਜੁਰਮਾਨਾ ਜਾਂ ਦੋਵੇਂ ਸਜ਼ਾਵਾਂ ਹੋ ਸਕਦੀਆਂ ਹਨ। ਭਾਰਤ ਵਿਚ ਦਾਖ਼ਲ ਹੋਣ ਵਾਲੇ ਕਿਸੇ ਵੀ ਵਿਦੇਸ਼ੀ ਕੋਲ ਵੈਲਿਡ ਪਾਸਪੋਰਟ ਅਤੇ ਵੀਜ਼ਾ ਹੋਣਾ ਲਾਜ਼ਮੀ ਹੋਵੇਗਾ।
ਇਸ ਦੇ ਨਾਲ ਹੀ ਜੇ ਸਰਕਾਰ ਨੂੰ ਕਿਸੇ ਵਿਦੇਸ਼ੀ ਨਾਗਰਿਕ ਤੋਂ ਭਾਰਤ ਨੂੰ ਖ਼ਤਰਾ ਮਹਿਸੂਸ ਹੁੰਦਾ ਹੈ ਤਾਂ ਉਸ ਨੂੰ ਭਾਰਤ ਆਉਣ ਤੋਂ ਰੋਕਿਆ ਜਾ ਸਕਦਾ ਹੈ। ਬਿੱਲ ਮੁਤਾਬਕ, ਬਿਨਾਂ ਵੈਲਿਡ ਪਾਸਪੋਰਟ ਅਤੇ ਦਸਤਾਵੇਜ਼ਾਂ ਦੇ ਭਾਰਤ ਵਿਚ ਦਾਖਲ ਹੋਣ 'ਤੇ 5 ਸਾਲ ਤੱਕ ਦੀ ਕੈਦ ਅਤੇ 5 ਲੱਖ ਰੁਪਏ ਤੱਕ ਦਾ ਜੁਰਮਾਨਾ ਹੋ ਸਕਦਾ ਹੈ।
ਇਸ ਕਾਨੂੰਨ ਅਨੁਸਾਰ, ਵਿਦੇਸ਼ੀ ਨਾਗਰਿਕਾਂ ਨੂੰ ਭਾਰਤ ਵਿਚ ਦਾਖਲ ਹੋਣ ਅਤੇ ਠਹਿਰਨ ਨਾਲ ਸਬੰਧਤ ਨਿਯਮਾਂ ਦੀ ਸਖ਼ਤੀ ਨਾਲ ਪਾਲਣਾ ਕਰਨੀ ਪਵੇਗੀ।