Mar 6, 2025 7:46 PM - Connect Newsroom
ਆਸਟ੍ਰੇਲੀਆ ਦੇ ਪੂਰਬੀ ਹਿੱਸਿਆਂ ਵਿਚ ਚੱਕਰਵਾਤ ਐਲਫ੍ਰੇਡ ਨੇ ਸ਼ਹਿਰਾਂ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕੀਤਾ ਹੈ। ਤੇਜ਼ ਹਵਾਵਾਂ ਅਤੇ ਮੀਂਹ ਕਾਰਨ ਪ੍ਰਭਾਵਿਤ ਇਲਾਕਿਆਂ ਵਿਚ ਸਕੂਲ ਬੰਦ ਕਰਨੇ ਪਏ ਹਨ ਅਤੇ ਜਨਤਕ ਆਵਾਜਾਈ ਵੀ ਠੱਪ ਹੋ ਗਈ, ਕਈ ਜਗ੍ਹਾ ਕਰਿਆਨੇ ਦੀਆਂ ਦੁਕਾਨਾਂ ਵੀ ਬੰਦ ਸਨ।
ਇਸ ਵਿਚਕਾਰ ਕੁਈਨਜ਼ਲੈਂਡ ਵਾਸੀਆਂ ਨੂੰ ਚਿਤਾਵਨੀ ਦਿੱਤੀ ਗਈ ਕਿ ਸ਼ਨੀਵਾਰ ਤੜਕੇ 4 ਵਜੇ ਦੇ ਆਸਪਾਸ ਇਹ ਤੂਫਾਨ ਬ੍ਰਿਸਬੇਨ ਨੇੜੇ ਤੱਟ ਨਾਲ ਟਕਰਾਏਗਾ ਅਤੇ ਇਸ ਨੂੰ ਤੱਟ ਪਾਰ ਕਰਨ ਵਿਚ ਸੰਭਾਵਤ ਤੌਰ 'ਤੇ ਛੇ ਘੰਟੇ ਲੱਗ ਸਕਦੇ ਹਨ।
ਕੁਈਨਜ਼ਲੈਂਡ ਦੇ ਨਾਲ ਹੀ ਨਿਊ ਸਾਊਥ ਵੇਲਜ਼ ਦੇ ਵਸਨੀਕਾਂ ਨੂੰ ਵੀ ਤੇਜ਼ ਹਵਾਵਾਂ ਅਤੇ ਹੜ੍ਹਾਂ ਲਈ ਤਿਆਰ ਰਹਿਣ ਦੀ ਚਿਤਾਵਨੀ ਦਿੱਤੀ ਗਈ ਹੈ। ਮੌਸਮ ਵਿਭਾਗ ਦਾ ਕਹਿਣਾ ਹੈ ਕਿ ਕੁਈਨਜ਼ਲੈਂਡ ਅਤੇ ਨਿਊ ਸਾਊਥ ਵੇਲਜ਼ ਬਾਰਡਰ ਦੇ ਦੋਵੇਂ ਪਾਸੇ 120 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਹਵਾਵਾਂ ਚੱਲਣ ਦੀ ਸੰਭਾਵਨਾ ਹੈ।
ਪ੍ਰਧਾਨ ਮੰਤਰੀਐਂਥਨੀ ਅਲਬਾਨੀਜ਼ ਮੁਤਾਬਕ, ਤੂਫਾਨ ਐਲਫ੍ਰੇਡ ਦੇ ਚੱਲਦੇ ਦੱਖਣੀ ਕੁਈਨਜ਼ਲੈਂਡ ਵਿਚ 660 ਸਕੂਲ ਅਤੇ ਉੱਤਰੀ ਨਿਊ ਸਾਊਥ ਵੇਲਜ਼ ਵਿਚ 280 ਸਕੂਲ ਵੀਰਵਾਰ ਨੂੰ ਬੰਦ ਰਹੇ।