Oct 24, 2024 5:49 PM - The Canadian Press
ਬੀ.ਸੀ. ਵਿਚ ਇਸ ਸਾਲ ਡਰੱਗ ਨਾਲ ਮੌਤਾਂ ਵਿਚ ਪਿਛਲੇ ਸਾਲ ਨਾਲੋਂ ਕੁਝ ਕਮੀ ਆਈ ਹੈ। ਸੂਬੇ ਦੀ ਕੋਰੋਨਰ ਸਰਵਿਸ ਮੁਤਾਬਕ, ਇਸ ਸਾਲ ਦੇ ਪਹਿਲੇ 9 ਮਹੀਨਿਆਂ ਵਿਚ 1,749 ਲੋਕ ਡਰੱਗ ਕਾਰਨ ਮਰੇ, ਇਹ ਪਿਛਲੇ ਸਾਲ ਦੀ ਇਸ ਮਿਆਦ ਨਾਲੋਂ 8 ਫੀਸਦੀ ਦੀ ਕਮੀ ਹੈ।
2023 ਵਿਚ ਇਸ ਦੌਰਾਨ 1,896 ਲੋਕਾਂ ਦੀ ਮੌਤ ਡਰੱਗਜ਼ ਕਾਰਨ ਹੋਈ ਸੀ। ਏਜੰਸੀ ਮੁਤਾਬਕ, ਇਸ ਸਾਲ ਡਰੱਗ ਨਾਲ ਹੋਈਆਂ ਕੁੱਲ ਮੌਤਾਂ ਵਿਚ 26 ਫੀਸਦੀ ਮਹਿਲਾਵਾਂ ਜਾਂ ਲੜਕੀਆਂ ਸਨ ਅਤੇ ਮਹਿਲਾਵਾਂ ਦੀ ਇਹ ਮੌਤ ਦਰ 4 ਸਾਲ ਪਹਿਲਾਂ ਦੇ ਮੁਕਾਬਲੇ 60 ਫੀਸਦੀ ਜ਼ਿਆਦਾ ਹੈ। ਇਸ ਸਾਲ ਸਭ ਤੋਂ ਵੱਧ ਮੌਤਾਂ ਅਗਸਤ ਤੇ ਸਤੰਬਰ ਵਿਚ ਹੋਈਆਂ। ਏਜੰਸੀ ਮੁਤਾਬਕ, ਅਗਸਤ ਵਿਚ 187 ਅਤੇ ਸਤੰਬਰ ਵਿਚ 183 ਬ੍ਰਿਟਿਸ਼ ਕੋਲੰਬੀਆ ਨੇ ਡਰੱਗਜ਼ ਕਾਰਨ ਜਾਨ ਗੁਆਈ, ਯਾਨੀ ਹਰ ਰੋਜ਼ ਕਰੀਬ 6 ਲੋਕਾਂ ਦੀ ਡਰੱਗਜ਼ ਨਾਲ ਮੌਤ ਹੋਈ।
ਏਜੰਸੀ ਨੇ ਦੱਸਿਆ ਕਿ ਲਗਭਗ ਅੱਧੀਆਂ ਮੌਤਾਂ 30 ਤੋਂ 49 ਸਾਲ ਦੀ ਉਮਰ ਦੇ ਲੋਕਾਂ ਵਿਚ ਹੋਈਆਂ, ਜਦੋਂ ਕਿ 1.1 ਫੀਸਦੀ 18 ਸਾਲ ਜਾਂ ਇਸ ਤੋਂ ਘੱਟ ਉਮਰ ਦੇ ਸਨ। 85 ਫੀਸਦੀ ਡਰੱਗਜ਼ ਵਿਚ ਫੈਂਟਾਨਿਲ ਦੀ ਪੁਸ਼ਟੀ ਹੋਈ। ਸਤੰਬਰ ਵਿਚ ਸਭ ਤੋਂ ਵੱਧ ਮੌਤਾਂ ਦਰਜ ਕਰਨ ਵਾਲੇ ਸ਼ਹਿਰਾਂ ਵਿਚ ਵੈਨਕੂਵਰ, ਸਰੀ ਅਤੇ ਗ੍ਰੇਟਰ ਵਿਕਟੋਰੀਆ ਸ਼ਾਮਲ ਹਨ।