Apr 11, 2025 4:47 PM - Connect Newsroom
ਚੀਨ ਨੇ ਅਮਰੀਕਾ 'ਤੇ ਪਲਟਵਾਰ ਕਰਦੇ ਹੋਏ ਅਮਰੀਕੀ ਮਾਲ 'ਤੇ ਟੈਰਿਫ 84 ਫੀਸਦੀ ਤੋਂ ਵਧਾ ਕੇ 125 ਫੀਸਦੀ ਕਰ ਦਿੱਤਾ ਹੈ। ਇਸ ਵਿਚਕਾਰ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਨੇ ਅਮਰੀਕਾ ਨਾਲ ਵਧਦੇ ਵਪਾਰ ਯੁੱਧ ਵਿਚਕਾਰ ਆਪਣੀ ਪਹਿਲੀ ਜਨਤਕ ਪ੍ਰਤੀਕਿਰਆ ਵੀ ਦਿੱਤੀ, ਉਨ੍ਹਾਂ ਕਿਹਾ ਕਿ ਚੀਨ ਕਿਸੇ ਵੀ ਚੁਣੌਤੀ ਤੋਂ ਨਹੀਂ ਡਰਦਾ ਅਤੇ ਨਾ ਹੀ ਕਦੇ ਦੂਜੇ ਦੇ ਦਾਨ ਦੇ ਭਰੋਸੇ ਰਿਹਾ ਹੈ ਅਤੇ ਨਾ ਹੀ ਕਦੇ ਕਿਸੇ ਦੀ ਜ਼ਬਰਦਸਤੀ ਅੱਗੇ ਝੁਕਿਆ ਹੈ।
ਜਿਨਪਿੰਗ ਨੇ ਕਿਹਾ ਕਿ ਟੈਰਿਫ ਵਾਰ ਵਿਚ ਕੋਈ ਜੇਤੂ ਨਹੀਂ ਹੋਵੇਗਾ ਅਤੇ ਦੁਨੀਆ ਖਿਲਾਫ ਜਾਣ ਦਾ ਮਤਲਬ ਖੁਦ ਦੇ ਖਿਲਾਫ ਜਾਣਾ ਹੈ। ਗੌਰਤਲਬ ਹੈ ਕਿ ਅਮਰੀਕਾ ਤੋਂ ਵਧਦੇ ਟੈਰਿਫ ਦਾ ਸਾਹਮਣਾ ਕਰਦੇ ਹੋਏ ਚੀਨ ਭਾਰਤ ਅਤੇ ਯੂਰਪੀਅਨ ਯੂਨੀਅਨ ਸਮੇਤ ਹੋਰ ਅਰਥਵਿਵਸਥਾਵਾਂ ਨਾਲ ਸਬੰਧ ਬਣਾਉਣ ਦੀ ਕੋਸ਼ਿਸ਼ ਕਰ ਰਿਹਾ ਹੈ ਤਾਂ ਕਿ ਦੇਸ਼ ਦੇ ਨਿਰਯਾਤ 'ਤੇ ਪੈਣ ਵਾਲੇ ਭਾਰੀ ਅਸਰ ਨੂੰ ਬੈਲੰਸ ਕੀਤਾ ਜਾ ਸਕੇ।
ਹਾਲਾਂਕਿ, ਚੀਨ ਨੇ ਇਹ ਵੀ ਕਿਹਾ ਕਿ ਜੇ ਅਮਰੀਕਾ ਟੈਰਿਫ ਦੀ ਖੇਡ ਹੁਣ ਵੀ ਜਾਰੀ ਰੱਖਦਾ ਹੈ ਤਾਂ ਬੀਜਿੰਗ ਇਸ ਨੂੰ ਨਜ਼ਰਅੰਦਾਜ਼ ਕਰੇਗਾ।