Mar 27, 2025 12:42 PM - The Canadian Press
ਕੈਨੇਡਾ ਵਲੋਂ ਟਰੰਪ ਦੇ ਆਟੋ ਟੈਰਿਫ ਦਾ ਕਰੜਾ ਜਵਾਬ ਦਿੱਤਾ ਜਾ ਸਕਦਾ ਹੈ। ਲਿਬਰਲ ਲੀਡਰ ਮਾਰਕ ਕਾਰਨੀ ਅੱਜ ਔਟਵਾ ਵਿਚ ਹਨ, ਉਹਨਾਂ ਕੈਨੇਡਾ ਦੇ ਜਵਾਬ ਬਾਰੇ ਚਰਚਾ ਕਰਨ ਲਈ ਕੈਨੇਡਾ-ਅਮਰੀਕਾ ਸਬੰਧਾਂ ਬਾਰੇ ਆਪਣੀ ਕੈਬਨਿਟ ਕਮੇਟੀ ਨਾਲ ਬੈਠਕ ਬੁਲਾਈ ਹੈ। ਵੀਰਵਾਰ ਨੂੰ ਉਹਨਾਂ ਦਾ ਕਿਊਬੈਕ ਵਿਚ ਚੋਣ ਪ੍ਰਚਾਰ ਦਾ ਵੀ ਪ੍ਰੋਗਰਾਮ ਸੀ, ਜੋ ਉਹਨਾਂ ਫਿਲਹਾਲ ਰੱਦ ਕਰ ਦਿੱਤਾ।
ਗੌਰਤਲਬ ਹੈ ਕਿ ਟਰੰਪ ਨੇ ਅਗਲੇ ਹਫ਼ਤੇ ਤੋਂ ਅਮਰੀਕਾ ਵਿਚ ਆਉਣ ਵਾਲੀਆਂ ਕਾਰਾਂ ਅਤੇ ਟਰੱਕਾਂ 'ਤੇ 25 ਫੀਸਦੀ ਟੈਰਿਫ ਲਗਾਉਣ ਦੀ ਘੋਸ਼ਣਾ ਕੀਤੀ ਹੈ, ਜਿਸ ਨੇ ਕੈਨੇਡਾ ਲਈ ਟੈਂਸ਼ਨ ਵਧਾ ਦਿੱਤੀ ਹੈ। ਕਾਰਨੀ ਨੇ ਟਰੰਪ ਦੇ ਇਸ ਕਦਮ ਨੂੰ ਕੈਨੇਡਾ ਅਤੇ ਆਟੋ ਵਰਕਰ 'ਤੇ ਸਿੱਧਾ ਹਮਲਾ ਦੱਸਿਆ ਹੈ। ਉਨ੍ਹਾਂ ਇਹ ਵੀ ਕਿਹਾ ਕਿ ਟਰੰਪ ਦੋਵਾਂ ਦੇਸ਼ਾਂ ਦੇ ਸਬੰਧ ਨੂੰ ਤੋੜਨ ਦੀ ਕੋਸ਼ਿਸ਼ ਵਿਚ ਹਨ। ਕਾਰਨੀ ਨੇ ਕਿਹਾ ਕਿ ਅਸੀਂ ਜਲਦੀ ਹੀ ਟੈਰਿਫਸ ਦਾ ਜਵਾਬ ਦੇਵਾਂਗੇ, ਸਾਡੇ ਕੋਲ ਕਈ ਵਿਕਲਪ ਹਨ। ਦੱਸ ਦੇਈਏ ਕਿ ਟਰੰਪ ਵਲੋਂ ਲਗਾਇਆ ਗਿਆ ਆਟੋ ਟੈਰਿਫ 3 ਅਪ੍ਰੈਲ ਤੋਂ ਲਾਗੂ ਹੋਣ ਜਾ ਰਿਹਾ ਹੈ। ਇਹ ਉਨ੍ਹਾਂ ਲੱਖਾਂ ਕੈਨੇਡੀਅਨਜ਼ ਲਈ ਡਰ ਦਾ ਮਾਹੌਲ ਹੈ ਜਿਨ੍ਹਾਂ ਦੀਆਂ ਨੌਕਰੀਆਂ ਆਟੋ ਸੈਕਟਰ ਨਾਲ ਜੁੜੀਆਂ ਹਨ।