Feb 21, 2025 12:58 PM - The Canadian Press
ਕੈਨੇਡਾ ਨੇ ਬੀਤੀ ਰਾਤ ਰੋਮਾਂਚਕ ਅਤੇ ਰਾਜਨੀਤਿਕ ਤੌਰ 'ਤੇ ਜੋਸ਼ ਭਰੇ 4 ਨੇਸ਼ਨਜ਼ ਫੇਸ-ਆਫ ਹਾਕੀ ਟੂਰਨਾਮੈਂਟ ਦੇ ਫਾਈਨਲ ਵਿਚ ਅਮਰੀਕਾ ਨੂੰ 3-2 ਨਾਲ ਹਰਾ ਕੇ ਇਸ ਟੂਰਨਾਮੈਂਟ ਦਾ ਖਿਤਾਬ ਆਪਣੇ ਨਾਮ ਕਰ ਲਿਆ।
ਬੋਸਟਨ ਦੇ ਟੀਡੀ ਗਾਰਡਨ ਅਰੀਨਾ ਵਿਖੇ ਹੋਏ ਇਸ ਮੁਕਾਬਲੇ ਲਈ ਟਿਕਟਾਂ ਹੱਥੋ-ਹੱਥ ਵਿਕੀਆਂ ਕਿਉਂਕਿ ਪ੍ਰਸ਼ੰਸਕ ਕੈਨੇਡਾ ਅਤੇ ਅਮਰੀਕਾ ਵਿਚਕਾਰ ਮੁਕਾਬਲੇ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਸਨ। ਉਥੇ ਹੀ, ਫਾਈਨਲ ਮੁਕਾਬਲੇ ਤੋਂ ਪਹਿਲਾਂ ਟਰੰਪ ਦੀ ਰਾਜਨੀਤਕ ਟਿੱਪਣੀ ਨੇ ਮਾਹੌਲ ਹੋਰ ਗਰਮਾ ਦਿੱਤਾ ਸੀ। ਉਹਨਾਂ ਦਾ ਕਹਿਣਾ ਸੀ ਕਿ ਅਮਰੀਕਾ ਦੀ ਟੀਮ ਵਲੋਂ ਜਲਦ ਹੀ ਸਾਡਾ 51ਵਾਂ ਸੂਬਾ ਬਣਨ ਵਾਲੇ ਕੈਨੇਡਾ ਨੂੰ ਇਸ ਟੂਰਨਾਮੈਂਟ ਵਿਚ ਹਰਾਉਣ ਦੀ ਉਮੀਦ ਹੈ। ਉਥੇ ਹੀ, ਕੈਨੇਡੀਅਨ ਟੀਮ ਦੀ ਜਿੱਤ ਤੋਂ ਬਾਅਦ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਟਰੰਪ 'ਤੇ ਨਿਸ਼ਾਨਾ ਸਾਧਿਆ, ਟਰੂਡੋ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਕਿਹਾ ਨਾ ਤਾਂ ਤੁਸੀਂ ਕੈਨੇਡਾ ਨੂੰ ਹੜਪ ਸਕਦੇ ਹੋ ਅਤੇ ਨਾ ਹੀ ਸਾਡੇ ਤੋਂ ਗੇਮ ਵਿਚ ਜਿੱਤ ਸਕਦੇ ਹੋ।
ਗੌਰਤਲਬ ਹੈ ਕਿ ਕੈਨੇਡੀਅਨ ਫਾਰਵਰਡ ਅਤੇ ਐਡਮੰਟਨ ਆਇਲਰਸ ਦੇ ਕਪਤਾਨ ਕੋਨਰ ਮੈਕਡੇਵਿਡ ਨੇ ਓਵਰਟਾਈਮ ਮਿਆਦ ਵਿਚ ਕੈਨੇਡਾ ਲਈ ਜੇਤੂ ਗੋਲ ਕੀਤਾ ਅਤੇ ਕੈਨੇਡਾ ਦੀ ਇੰਟਰਨੈਸ਼ਨਲ ਹੌਕੀ ਵਿਚ ਸਾਖ਼ ਵਧਾ ਦਿੱਤੀ। ਕੈਨੇਡੀਅਨ ਕੋਚ ਜੌਨ ਕੂਪਰ ਨੇ ਕਿਹਾ ਕਿ ਇਹ ਕੈਨੇਡਾ ਦੇ 40 ਮਿਲੀਅਨ ਤੋਂ ਵੱਧ ਲੋਕਾਂ ਦੀ ਜਿੱਤ ਹੈ।