Apr 18, 2025 2:14 PM - The Canadian Press
ਨੌਰਥਵੈਸਟ ਕੈਲਗਰੀ ਵਿਚ ਬੀਤੇ ਦਿਨ ਸੀ.ਟਰੇਨ ਨਾਲ ਟਕਰਾਉਣ ਕਾਰਨ 11 ਸਾਲਾ ਬੱਚਾ ਜ਼ਖਮੀ ਹੋ ਗਿਆ। ਜਾਂਚ ਵਿਚ ਪਤਾ ਲੱਗਾ ਹੈ ਕਿ ਡਰਾਈਵਰ ਨੇ ਟਰੇਨ ਸਟੇਸ਼ਨ 'ਤੇ ਨਹੀਂ ਰੋਕੀ ਸੀ ਅਤੇ ਕ੍ਰਾਸਵਾਕ ਤੋਂ ਲੰਘ ਰਹੇ ਬੱਚੇ ਵਿਚ ਜਾ ਵੱਜੀ। ਇਹ ਹਾਦਸਾ ਸਵੇਰੇ ਕਰੀਬ 8.15 ਵਜੇ ਬੈਨਫ ਟ੍ਰੇਲ ਐਲਆਰਟੀ ਸਟੇਸ਼ਨ 'ਤੇ ਵਾਪਰਿਆ।
ਜਾਂਚ ਅਧਿਕਾਰੀਆਂ ਦਾ ਮੰਨਣਾ ਹੈ ਕਿ ਪੈਦਲ ਯਾਤਰੀਆਂ ਨੂੰ ਰੋਕਣ ਲਈ ਫਾਟਕ ਨਹੀਂ ਲਾਇਆ ਗਿਆ ਸੀ, ਜਿਸ ਕਾਰਨ ਲੜਕਾ ਉੱਥੋਂ ਲੰਘ ਰਿਹਾ ਸੀ। ਪੁਲਿਸ ਮੁਤਾਬਕ ਬੱਚੇ ਦੀ ਲੱਤ ਟੁੱਟ ਗਈ ਹੈ ਅਤੇ ਐਲਬਰਟਾ ਚਿਲਡਰਨ ਹਸਪਤਾਲ ਵਿਚ ਦਾਖਲ ਹੈ। ਟਰੇਨ ਦੇ ਡਰਾਈਵਰ ਨੂੰ ਹਿਰਾਸਤ ਵਿਚ ਲੈ ਲਿਆ ਗਿਆ ਹੈ ਅਤੇ ਉਸ ਵਲੋਂ ਵਰਤੀ ਗਈ ਲਾਪਰਵਾਹੀ ਦੀ ਜਾਂਚ ਕੀਤੀ ਜਾ ਰਹੀ ਹੈ।
ਪੁਲਿਸ ਮੁਤਾਬਕ ਡਰਾਈਵਰ ਨਸ਼ੇ ਵਿਚ ਨਹੀਂ ਸੀ ਪਰ ਹੋ ਸਕਦਾ ਹੈ ਕਿ ਉਸ ਨੂੰ ਸਿਹਤ ਸਬੰਧੀ ਕੋਈ ਪਰੇਸ਼ਾਨੀ ਹੋਈ ਹੋਵੇ ਅਤੇ ਉਹ ਜਾਂਚ ਕਰ ਰਹੇ ਹਨ। ਫਿਲਹਾਲ ਉਸ 'ਤੇ ਚਾਰਜਿਜ਼ ਨਹੀਂ ਲਾਏ ਗਏ। ਬੈਨਫ ਟ੍ਰੇਲ ਅਤੇ 23 ਐਵੇਨਿਊ ਨਾਰਥ ਵੈਸਟ ਦੇ ਚੌਰਾਹੇ ਨੂੰ ਇਸ ਕਾਰਨ ਕਾਫੀ ਦੇਰ ਲਈ ਬੰਦ ਰੱਖਿਆ ਗਿਆ ਸੀ।