Apr 16, 2025 7:12 PM - Connect Newsroom
ਬੈਂਕ ਆਫ ਕੈਨੇਡਾ ਨੇ ਕੋਵਿਡ ਤੋਂ ਬਾਅਦ ਪਹਿਲੀ ਵਾਰ ਸਟੀਕ ਪੂਰਵ ਆਰਥਿਕ ਅਨੁਮਾਨਾਂ ਦੀ ਬਜਾਏ ਦੋ ਸੰਭਾਵਿਤ ਸਥਿਤੀਆਂ ਪੇਸ਼ ਕੀਤੀਆਂ ਹਨ, ਜਿਸ ਵਿਚੋਂ ਇੱਕ ਵਿਚ ਕੈਨੇਡਾ ਵਿਚ ਗਹਿਰੀ ਮੰਦੀ ਅਤੇ ਮਹਿੰਗਾਈ ਵਿਚ ਵਾਧੇ ਦੀ ਸੰਭਾਵਨਾ ਦੀ ਭਵਿੱਖਬਾਣੀ ਕੀਤੀ ਗਈ ਹੈ।
ਬੈਂਕ ਵਲੋਂ ਪਹਿਲੇ ਦ੍ਰਿਸ਼ ਵਿਚ ਇਹ ਮੰਨਿਆ ਗਿਆ ਹੈ ਕਿ ਜੇ ਗੱਲਬਾਤ ਰਾਹੀਂ ਟੈਰਿਫ ਵਾਪਸ ਲੈ ਲਏ ਜਾਂਦੇ ਹਨ ਤਾਂ ਦੂਜੀ ਤਿਮਾਹੀ ਵਿਚ ਆਰਥਿਕਤਾ ਵਿਚ ਸਿਰਫ ਖੜੋਤ ਦਰਜ ਹੋਵੇਗੀ, ਜਿਸ ਮਗਰੋਂ ਇਹ ਹੌਲੀ-ਹੌਲੀ ਵਾਪਸ ਵਧੇਗੀ ਪਰ ਦੂਜੀ ਸਥਿਤੀ ਇਹ ਹੈ ਕਿ ਜੇ ਟਰੇਡ ਵਾਰ ਲੰਮੀ ਚੱਲੀ ਤਾਂ ਕੈਨੇਡਾ ਦੀ ਆਰਥਿਕਤਾ ਇੱਕ ਸਾਲ ਲਈ ਮੰਦੀ ਵਿਚ ਚਲੀ ਜਾਵੇਗੀ ਅਤੇ 2026 ਦੇ ਅੱਧ ਤੱਕ ਮਹਿੰਗਾਈ 3.5 ਫੀਸਦੀ ਤੱਕ ਵੱਧ ਜਾਵੇਗੀ। ਗਵਰਨਰ ਟਿਫ ਮੈਕਲੇਮ ਨੇ ਕਿਹਾ ਕਿ ਬੈਂਕ ਦੀ ਮੁਦਰਾ ਨੀਤੀ-ਵਪਾਰ ਯੁੱਧ ਦੀ ਅਨਸ਼ਿਚਤਤਾ ਨਾਲ ਨਹੀਂ ਨਜਿੱਠ ਸਕਦੀ।
ਮੈਕਲੇਮ ਨੇ ਇਹ ਵੀ ਕਿਹਾ ਕਿ ਪੰਜ ਹਫ਼ਤੇ ਪਹਿਲਾਂ ਮਾਰਚ ਦੇ ਸਾਡੇ ਫੈਸਲੇ ਤੋਂ ਬਾਅਦ ਬਹੁਤ ਕੁਝ ਵਾਪਰਿਆ ਹੈ ਤੇ ਭਵਿੱਖ ਸਪੱਸ਼ਟ ਨਹੀਂ ਹੈ, ਸਾਨੂੰ ਅਜੇ ਵੀ ਨਹੀਂ ਪਤਾ ਕਿ ਕਿਹੜੇ ਟੈਰਿਫ ਲਗਾਏ ਜਾਣਗੇ ਤੇ ਕੀ ਉਨ੍ਹਾਂ ਨੂੰ ਘਟਾਇਆ ਜਾਵੇਗਾ ਜਾਂ ਵਧਾਇਆ ਜਾਵੇਗਾ ਅਤੇ ਇਹ ਸਭ ਕਿੰਨਾ ਚਿਰ ਚੱਲੇਗਾ। ਉਨ੍ਹਾਂ ਕਿਹਾ ਕਿ ਇਹ ਪੂਰਾ ਅਨਿਸ਼ਚਿਤਤਾ ਦਾ ਮਾਹੌਲ ਹੈ।