Feb 7, 2025 5:39 PM - Connect Newsroom
ਬੀ.ਸੀ. ਸਰਕਾਰ ਨੇ ਰਿਚਮੰਡ ਵਿਚ ਵਿਵਾਦਤ ਸਹਾਇਕ ਹਾਊਸਿੰਗ ਪ੍ਰੋਜੈਕਟ ’ਤੇ ਅੱਗੇ ਵਧਣ ਦੀ ਹਰੀ ਝੰਡੀ ਦੇ ਦਿੱਤੀ ਹੈ, ਜਿਸ ਨੂੰ ਲੈ ਕੇ ਸਥਾਨਕ ਲੋਕਾਂ ਵਿਚ ਨਾਰਾਜ਼ਗੀ ਹੈ। ਖਾਸ ਗੱਲ ਇਹ ਹੈ ਕਿ ਸੂਬਾ ਸਰਕਾਰ ਨੇ ਅਕਤੂਬਰ ਦੀਆਂ ਸੂਬਾਈ ਚੋਣਾਂ ਤੋਂ ਕੁਝ ਮਹੀਨੇ ਪਹਿਲਾਂ ਅਗਸਤ ਵਿਚ ਪ੍ਰੋਜੈਕਟ ’ਤੇ ਕੰਮ ਰੋਕ ਦਿੱਤਾ ਸੀ।
ਸੂਬਾ ਸਰਕਾਰ ਨੇ ਵੀਰਵਾਰ ਸ਼ਾਮ ਐਲਾਨ ਕੀਤਾ ਕਿ ਉਹ ਰਿਚਮੰਡ ਵਿਚ ਛੇ ਮੰਜ਼ਿਲਾ, 90-ਯੂਨਿਟ ਵਾਲੇ ਸਹਾਇਕ ਹਾਊਸਿੰਗ ਪ੍ਰੋਜੈਕਟ ਦੀ ਯੋਜਨਾ ਨਾਲ ਅੱਗੇ ਵਧ ਰਹੀ ਹੈ। ਰਿਚਮੰਡ ਦੇ ਤਿੰਨ ਕੰਜ਼ਰਵੇਟਿਵ ਵਿਧਾਇਕ ਨੇ ਇਸ ਪ੍ਰੋਜੈਕਟ ਦਾ ਵਿਰੋਧ ਕਰਦਿਆਂ ਕਿਹਾ ਕਿ ਸਰਕਾਰ ਵਲੋਂ ਸਥਾਨਕ ਨਾਲ ਸਲਾਹ-ਮਸ਼ਵਰੇ ਨਹੀਂ ਕੀਤਾ ਗਿਆ।
ਉਨ੍ਹਾਂ ਇਹ ਵੀ ਦਾਅਵਾ ਕੀਤਾ ਕਿ ਸ਼ਹਿਰ ਦੀਆਂ ਅਸਥਾਈ ਮਾਡਯੂਲਰ ਹਾਊਸਿੰਗ ਸਾਈਟਾਂ ਪਹਿਲਾਂ ਹੀ ਕਮਿਊਨਿਟੀ ਵਿਚ ਸਮੱਸਿਆ ਪੈਦਾ ਕਰ ਰਹੀਆਂ ਹਨ। ਉਥੇ ਹੀ, ਹਾਊਸਿੰਗ ਮਿਨਿਸਟਰ ਰਵੀ ਕਾਹਲੋਂ ਨੇ ਕਿਹਾ ਕਿ ਨਵੀਂ ਪ੍ਰਸਤਾਵਿਤ, ਸਥਾਈ ਬਿਲਡਿੰਗ ਸਾਈਟ, ਅਸਥਾਈ ਪ੍ਰਾਜੈਕਟ ਤੋਂ ਵੱਖਰੀ ਹੋਵੇਗੀ।