Apr 1, 2025 3:57 PM - The Canadian Press
ਬ੍ਰਿਟਿਸ਼ ਕੋਲੰਬੀਆ ਵਿਚ ਖਪਤਕਾਰ ਕਾਰਬਨ ਟੈਕਸ ਦੀ ਸਮਾਪਤੀ ਹੋ ਗਈ ਹੈ। ਸੋਮਵਾਰ ਦੇਰ ਰਾਤ ਕਈ ਘੰਟਿਆਂ ਦੀ ਜੱਦੋ-ਜਹਿਦ ਤੋਂ ਬਾਅਦ ਤੜਕੇ 1.30 ਵਜੇ ਦੇ ਕਰੀਬ ਸੂਬਾਈ ਖਪਤਕਾਰ ਕਾਰਬਨ ਟੈਕਸ ਨੂੰ ਰੱਦ ਕਰਨ ਵਾਲਾ ਬਿੱਲ 8 ਸਦਨ ਵਿਚ ਪਾਸ ਹੋਇਆ। ਪ੍ਰੀਮੀਅਰ ਡੇਵਿਡ ਈਬੀ ਨੇ ਕਿਹਾ ਕਿ ਇਸ ਟੈਕਸ ਨੇ ਕਈ ਸਾਲਾਂ ਤੱਕ ਮਹੱਤਵਪੂਰਨ ਭੂਮਿਕਾ ਨਿਭਾਈ ਪਰ ਬੀ. ਸੀ. ਅਤੇ ਫੈਡਰਲ ਕੰਜ਼ਰਵੇਟਿਵ ਪਾਰਟੀਆਂ ਵਲੋਂ ਇਸ ਖਿਲਾਫ ਪ੍ਰਚਾਰ ਕਾਰਨ ਇਹ ਇੱਕ ਟੋਕਸਿਸ ਮੁੱਦਾ ਬਣ ਗਿਆ ਸੀ।
ਪ੍ਰੀਮੀਅਰ ਨੇ ਕਿਹਾ ਕਿ ਖਪਤਕਾਰ ਕਾਰਬਨ ਟੈਕਸ ਨੂੰ ਰੱਦ ਕਰਨ ਨਾਲ ਰੈਵੇਨਿਊ ਵਿਚ ਕਰੀਬ $1.99 ਬਿਲੀਅਨ ਦਾ ਨੁਕਸਾਨ ਹੋਵੇਗਾ। ਸੂਬਾ ਸਰਕਾਰ ਨੇ ਇਸ ਨੁਕਸਾਨ ਦੇ ਪ੍ਰਭਾਵ ਨੂੰ ਘੱਟ ਕਰਨ ਲਈ ਕਾਰਬਨ ਟੈਕਸ ਆਮਦਨ ਦੇ ਫੰਡ ਨਾਲ ਚੱਲਣ ਵਾਲੇ ਪ੍ਰੋਗਰਾਮਾਂ ਨੂੰ ਪੁਨਰਗਠਨ ਕਰਨ ਦੀ ਗੱਲ ਆਖੀ ਹੈ।
ਗੌਰਤਲਬ ਹੈ ਕਿ ਬ੍ਰਿਟਿਸ਼ ਕੋਲੰਬੀਆ ਕੈਨੇਡਾ ਦਾ ਪਹਿਲਾ ਅਜਿਹਾ ਖੇਤਰ ਸੀ ਜਿਸ ਨੇ ਖਪਤਕਾਰ ਟੈਕਸ ਰਾਹੀਂ ਕਾਰਬਨ ਦੀ ਕੀਮਤ ਸਿਸਟਮ ਨੂੰ ਲਾਗੂ ਕੀਤਾ ਸੀ, ਇਹ ਕਦਮ ਬੀ. ਸੀ. ਲਿਬਰਲਸ ਸਰਕਾਰ ਸਮੇਂ 2008 ਵਿਚ ਉਠਾਇਆ ਗਿਆ ਸੀ। ਉਸ ਸਮੇਂ ਗੋਰਡਨ ਕੈਂਪਬੈਲ ਪ੍ਰੀਮੀਅਰ ਸਨ।