Mar 4, 2025 3:11 PM - The Canadian Press
ਯੂਰਪੀ ਦੇਸ਼ ਸਰਬੀਆ ਦੀ ਸੰਸਦ ਵਿਚ ਮੰਗਲਵਾਰ ਨੂੰ ਵਿਰੋਧੀ ਸਾਂਸਦਾਂ ਨੇ ਸਦਨ ਵਿਚ ਸਮੋਕ ਗ੍ਰੇਨੇਡ ਨਾਲ ਹਮਲਾ ਕਰ ਦਿੱਤਾ, ਜਿਸ ਵਿਚ ਤਿੰਨ ਸਾਂਸਦ ਜ਼ਖਮੀ ਹੋ ਗਏ। ਇਸ ਵਿਚ ਇੱਕ ਐਮ.ਪੀ. ਦੀ ਹਾਲਤ ਗੰਭੀਰ ਦੱਸੀ ਜਾਂਦੀ ਹੈ। ਸਰਬੀਆ ਸੰਸਦ ਵਿਚ ਯੂਨੀਵਰਸਿਟੀਜ਼ ਲਈ ਫੰਡਿੰਗ ਵਧਾਉਣ ਲਈ ਇੱਕ ਕਾਨੂੰਨ ਪਾਸ ਹੋਣਾ ਸੀ। ਇਸ ਦੇ ਨਾਲ ਹੀ ਪ੍ਰਧਾਨ ਮੰਤਰੀ ਮਿਲੋਸ਼ ਵੁਚੇਵੀਚ ਦੇ ਅਸਤੀਫ਼ੇ 'ਤੇ ਵੀ ਚਰਚਾ ਹੋਣੀ ਸੀ ਪਰ ਵਿਰੋਧੀ ਧਿਰ ਸੱਤਾਧਾਰੀ ਗੱਠਜੋੜ ਵੱਲੋਂ ਪੇਸ਼ ਕੀਤੇ ਗਏ ਏਜੰਡੇ ਦੇ ਹੋਰ ਮੁੱਦਿਆਂ ਤੋਂ ਨਾਰਾਜ਼ ਹੋ ਗਈ।
ਇਸ ਤੋਂ ਬਾਅਦ ਇਹ ਸਾਰਾ ਹੰਗਾਮਾ ਹੋਇਆ। ਵਿਰੋਧੀ ਸਾਂਸਦਾਂ ਨੇ ਸਦਨ ਵਿੱਚ ਸਮੋਕ ਗ੍ਰਨੇਡ ਸੁੱਟੇ, ਜਿਸ ਨਾਲ ਸਦਨ ਧੂੰਏਂ ਨਾਲ ਭਰ ਗਿਆ। ਇਸ ਦੌਰਾਨ ਉਨ੍ਹਾਂ ਦੀ ਸੁਰੱਖਿਆ ਗਾਰਡਾਂ ਨਾਲ ਵੀ ਝੜਪ ਹੋਈ। ਸਿਆਸਤਦਾਨਾਂ ਨੂੰ ਲਾਈਵ ਟੈਲੀਵਿਜ਼ਨ ਪ੍ਰਸਾਰਣ ਦੌਰਾਨ ਸੁਰੱਖਿਆ ਬਲਾਂ ਨਾਲ ਟਕਰਾਉਂਦੇ ਅਤੇ ਅੱਥਰੂ ਗੈਸ ਦੇ ਗੋਲੇ ਛੱਡਦੇ ਵੀ ਦੇਖਿਆ ਗਿਆ। ਸਪੀਕਰ ਅਨੁਸਾਰ, ਇਸ ਦੌਰਾਨ ਸੰਸਦ ਮੈਂਬਰਾਂ ਵਿਚੋਂ ਇੱਕ ਨੂੰ ਦੌਰਾ ਪਿਆ ਅਤੇ ਉਸ ਦੀ ਹਾਲਤ ਗੰਭੀਰ ਹੈ।