Mar 26, 2025 1:25 PM - The Associated Press
ਖੁਸ਼ਕ ਮੌਸਮ ਅਤੇ ਤੇਜ਼ ਹਵਾਵਾਂ ਦੌਰਾਨ ਦੱਖਣੀ ਕੋਰੀਆ ਦੇ ਜੰਗਲਾਂ ਵਿੱਚ ਭਿਆਨਕ ਅੱਗ ਲੱਗੀ ਹੋਈ ਹੈ, ਜਿਸ ਕਾਰਨ ਘੱਟੋ-ਘੱਟ 24 ਲੋਕਾਂ ਦੀ ਮੌਤ ਹੋ ਗਈ ਹੈ, ਜਦਕਿ 19 ਜ਼ਖਮੀ ਹੋ ਗਏ। ਦੱਖਣੀ ਕੋਰੀਆ ਦੇ ਸਰਕਾਰੀ ਅਧਿਕਾਰੀਆਂ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ।
ਇਸ ਤੋਂ ਪਹਿਲਾਂ ਇਸ ਭਿਆਨਕ ਅੱਗ ਤੋਂ ਬਚਣ ਲਈ ਮੰਗਲਵਾਰ ਨੂੰ ਅੰਦੋਂਗ ਅਤੇ ਹੋਰ ਦੱਖਣੀ ਸ਼ਹਿਰਾਂ ਅਤੇ ਕਸਬਿਆਂ ਦੇ ਅਧਿਕਾਰੀਆਂ ਨੇ ਸਥਾਨਕ ਨਿਵਾਸੀਆਂ ਨੂੰ ਸੁਰੱਖਿਅਤ ਥਾਵਾਂ 'ਤੇ ਜਾਣ ਦਾ ਆਦੇਸ਼ ਦਿੱਤਾ ਸੀ। ਦੂਜੇ ਪਾਸੇ, ਫਾਇਰਫਾਈਟਰਜ਼ ਸੁੱਕੀਆਂ ਹਵਾਵਾਂ ਕਾਰਨ ਲੱਗੀ ਅੱਗ 'ਤੇ ਕਾਬੂ ਪਾਉਣ ਲਈ ਜੱਦੋ-ਜਹਿਦ ਕਰ ਰਹੇ ਹਨ। ਇਸ ਭਿਆਨਕ ਅੱਗ ਨੇ 43,000 ਏਕੜ ਤੋਂ ਵੱਧ ਜ਼ਮੀਨ ਸੜ ਕੇ ਸੁਆਹ ਕਰ ਦਿੱਤੀ ਅਤੇ ਸੈਂਕੜੇ ਇਮਾਰਤਾਂ ਨੂੰ ਤਬਾਹ ਕਰ ਦਿੱਤਾ ਹੈ, ਜਿਸ ਵਿੱਚ 1,300 ਸਾਲ ਪੁਰਾਣਾ ਬੋਧੀ ਮੰਦਰ ਵੀ ਸ਼ਾਮਲ ਹੈ।
ਦੱਖਣੀ ਕੋਰੀਆ ਦੇ ਗ੍ਰਹਿ ਅਤੇ ਸੁਰੱਖਿਆ ਮੰਤਰਾਲੇ ਦੇ ਅਨੁਸਾਰ ਅੰਦੋਂਗ, ਇਸ ਦੇ ਗੁਆਂਢੀ ਕਸਬਿਆਂ ਉਈਸੇਓਂਗ ਅਤੇ ਸੰਚਿਓਂਗ ਅਤੇ ਉਲਸਾਨ ਸ਼ਹਿਰ ਵਿੱਚ 5,500 ਤੋਂ ਵੱਧ ਲੋਕਾਂ ਨੂੰ ਆਪਣੇ ਘਰ ਛੱਡਣ ਲਈ ਮਜਬੂਰ ਹੋਣਾ ਪਿਆ। ਇਹ ਖੇਤਰ ਅੱਗ ਨਾਲ ਸਭ ਤੋਂ ਵੱਧ ਪ੍ਰਭਾਵਿਤ ਹੋਏ ਹਨ। ਦੱਖਣੀ ਕੋਰੀਆਈ ਅਧਿਕਾਰੀਆਂ ਨੇ ਮੰਗਲਵਾਰ ਨੂੰ ਕਿਹਾ ਕਿ ਅੱਗ ਬੁਝਾਉਣ ਵਾਲਿਆਂ ਨੇ ਉਨ੍ਹਾਂ ਇਲਾਕਿਆਂ ਵਿੱਚ ਅੱਗ ਬੁਝਾ ਦਿੱਤੀ ਸੀ ਪਰ ਖੁਸ਼ਕ ਮੌਸਮ ਅਤੇ ਤੇਜ਼ ਹਵਾਵਾਂ ਕਾਰਨ ਅੱਗ ਦੁਬਾਰਾ ਫੈਲ ਗਈ। ਲਗਭਗ 9,000 ਫਾਇਰਫਾਈਟਰ, 130 ਤੋਂ ਵੱਧ ਹੈਲੀਕਾਪਟਰ ਅਤੇ ਸੈਂਕੜੇ ਵਾਹਨ ਅੱਗ ਬੁਝਾਉਣ ਵਿੱਚ ਲੱਗੇ ਹੋਏ ਹਨ।