Apr 9, 2025 4:40 PM - The Canadian Press
ਐਡਮਿੰਟਨ ਦੀ ਇਕ ਟੀਨਏਜਰ ਨੂੰ ਅਗਵਾ ਕਰਕੇ ਉਸ ਦਾ ਜਿਨਸੀ ਸ਼ੋਸ਼ਣ ਕਰਨ ਵਾਲੇ ਅਮਰੀਕੀ ਦੋਸ਼ੀ ਨੂੰ 50 ਸਾਲਾਂ ਦੀ ਸਜ਼ਾ ਸੁਣਾਈ ਗਈ ਹੈ। ਨੋਹ ਮਦਰਾਨੋ ਨੂੰ ਜਨਵਰੀ 2022 ਵਿਚ 13 ਸਾਲਾ ਲੜਕੀ ਨੂੰ ਅਗਵਾ ਕਰਨ ਅਤੇ ਹਮਲੇ ਸਬੰਧੀ ਦੋ ਅਮਰੀਕੀ ਅਪਰਾਧਾਂ ਲਈ ਦੋਸ਼ੀ ਠਹਿਰਾਇਆ ਗਿਆ ਸੀ।
ਓਰੇਗਨ ਅਮਰੀਕੀ ਜ਼ਿਲ੍ਹਾ ਅਦਾਲਤ ਵਿਚ ਬੀਤੇ ਦਿਨ ਉਸ ਨੂੰ ਸਜ਼ਾ ਸੁਣਾਈ ਗਈ। ਇਸ ਸਮੇਂ ਪੀੜਤ ਲੜਕੀ 16 ਸਾਲ ਦੀ ਹੋ ਗਈ ਹੈ। ਉਸ ਨੇ ਦੱਸਿਆ ਕਿ ਮਦਰਾਨੋ ਨੇ ਉਸ ਦਾ ਜਿਨਸੀ ਸ਼ੋਸ਼ਣ ਕਰਨ ਮਗਰੋਂ ਉਸ ਨੂੰ ਮਾਰਨ ਦੀ ਵੀ ਕੋਸ਼ਿਸ਼ ਕੀਤੀ ਸੀ।
ਮਦਰਾਨੋ ਨੇ ਅਦਾਲਤ ਵਿਚ ਮੰਨਿਆ ਕਿ ਉਸ ਸਮੇਂ ਉਹ 41 ਸਾਲ ਦਾ ਸੀ ਜਦ 13 ਸਾਲਾ ਲੜਕੀ ਨਾਲ ਆਨਲਾਈਨ ਗੱਲ ਕਰਦਾ ਸੀ ਅਤੇ ਉਸ ਨੂੰ ਸਬੰਧ ਬਣਾਉਣ ਲਈ ਤਿਆਰ ਕਰ ਲਿਆ ਸੀ। ਉਸ ਨੇ ਉਸ ਨੂੰ ਸਕੂਲ ਦੇ ਅੱਗਿਓਂ ਅਗਵਾ ਕਰਕੇ ਕਈ ਦਿਨ ਹੋਟਲ ਦੇ ਕਮਰੇ ਵਿਚ ਰੱਖਿਆ। ਉਸ ਨੇ ਉਸ ਦੀਆਂ ਵੀਡੀਓਜ਼ ਬਣਾ ਕੇ ਆਨਲਾਈਨ ਪੋਸਟ ਕੀਤੀਆਂ। 8 ਦਿਨਾਂ ਬਾਅਦ ਉਸ ਨੂੰ ਐਫਬੀਆਈ ਏਜੰਟ ਅਤੇ ਓਰੇਗਨ ਸਿਟੀ ਪੁਲਿਸ ਨੇ ਲੱਭਿਆ ਅਤੇ ਲੜਕੀ ਪਰਿਵਾਰ ਨੂੰ ਮਿਲੀ।