Feb 13, 2025 1:29 PM - Connect Newsroom
ਅਮਰੀਕਾ ਵੱਲੋਂ ਗੈਰਕਾਨੂੰਨੀ ਪਰਵਾਸੀਆਂ ਦੇ ਦੂਜੇ ਬੈਚ ਨੂੰ ਭਾਰਤ ਡਿਪੋਰਟ ਕਰਨ ਦੀ ਤਿਆਰੀ ਖਿੱਚ ਲਈ ਗਈ ਹੈ। ਮਿਲੀ ਜਾਣਕਾਰੀ ਮੁਤਾਬਕ, ਇਸ ਹਫਤੇ ਦੌਰਾਨ ਅਮਰੀਕਾ ਤੋਂ 150 ਤੋਂ ਵੱਧ ਹੋਰ ਗੈਰਕਾਨੂੰਨੀ ਪਰਵਾਸੀ ਭਾਰਤੀਆਂ ਨੂੰ ਡਿਪੋਰਟ ਕੀਤਾ ਜਾ ਸਕਦਾ ਹੈ।
ਇਸ ਤੋਂ ਪਹਿਲਾਂ 5 ਫਰਵਰੀ ਨੂੰ ਅਮਰੀਕਾ ਦਾ ਫੌਜੀ ਮਾਲਵਾਹਕ ਜਹਾਜ਼ 104 ਗੈਰਕਾਨੂੰਨੀ ਪਰਵਾਸੀਆਂ ਨੂੰ ਲੈ ਕੇ ਅੰਮ੍ਰਿਤਸਰ ਦੇ ਕੌਮਾਂਤਰੀ ਹਵਾਈ ਅੱਡੇ ’ਤੇ ਪੁੱਜਿਆ ਸੀ। ਗੈਰਕਾਨੂੰਨੀ ਪਰਵਾਸੀ ਭਾਰਤੀਆਂ ਦੇ ਦੂਜੇ ਬੈਚ ਨੂੰ ਡਿਪੋਰਟ ਕਰਨ ਸਬੰਧੀ ਰਿਪੋਰਟਾਂ ਦੀ ਭਾਵੇਂ ਭਾਰਤੀ ਅਧਿਕਾਰੀਆਂ ਨੇ ਅਜੇ ਤੱਕ ਅਧਿਕਾਰਤ ਪੁਸ਼ਟੀ ਨਹੀਂ ਕੀਤੀ ਪਰ ਰਿਪੋਰਸਟਸ ਹਨ ਕਿ ਇਨ੍ਹਾਂ ਪਰਵਾਸੀਆਂ ਦੀ ਵਤਨ ਵਾਪਸੀ ਇਸ ਹਫ਼ਤੇ ਹੋ ਸਕਦੀ ਹੈ। ਡਿਪੋਰਟ ਕੀਤੇ ਜਾਣ ਵਾਲਾ ਭਾਰਤੀ ਪਰਵਾਸੀਆਂ ਦਾ ਦੂਜਾ ਬੈਚ ਕਿੱਥੇ ਉਤਰੇਗਾ, ਇਸ ਬਾਰੇ ਅਜੇ ਕੋਈ ਪੁਸ਼ਟੀ ਨਹੀਂ ਹੋਈ ਹੈ।
ਅਮਰੀਕਾ ਵੱਲੋਂ ਇਹ ਕਾਰਵਾਈ ਅਜਿਹੇ ਮੌਕੇ ਕੀਤੀ ਜਾ ਰਹੀ ਹੈ ਜਦੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਾਸ਼ਿੰਗਟਨ ਦੇ ਦੌਰੇ ’ਤੇ ਹਨ। ਭਾਰਤ ਦੇ ਵਿਦੇਸ਼ ਮੰਤਰੀ ਨੇ ਬੀਤੇ ਦਿਨੀਂ ਸੰਸਦ ਵਿੱਚ ਭਰੋਸਾ ਦਿੱਤਾ ਸੀ ਕਿ ਉਹ ਯਤਨ ਕਰਨਗੇ ਕਿ ਡਿਪੋਰਟ ਕੀਤੇ ਜਾ ਰਹੇ ਭਾਰਤੀਆਂ ਨਾਲ ਅਪਰਾਧੀਆਂ ਵਾਂਗ ਵਰਤਾਰਾ ਨਾ ਹੋਵੇ।