Apr 15, 2025 3:59 PM - The Canadian Press
ਐਲਬਰਟਾ ਦੀ ਪ੍ਰੀਮੀਅਰ ਨੇ ਸਪੱਸ਼ਟੀਕਰਣ ਦਿੱਤਾ ਹੈ ਕਿ ਐਲਬਰਟਾ ਹੈਲਥ ਸਰਵਿਸਸ ਦੀ ਸਾਬਕਾ ਮੁਖੀ ਅਥਾਨਾ ਮੈਂਟਜ਼ੇਲੋਪੋਲੋਸ ਦੇ ਮਾਮਲੇ ਦੀ ਜਾਂਚ ਵਕੀਲਾਂ ਹੱਥ ਦੇਣ ਨਾਲ ਕੋਈ ਰੁਕਾਵਟ ਨਹੀਂ ਪਾਈ ਜਾ ਰਹੀ। ਸੂਬੇ ਦੀ ਵਿਰੋਧੀ ਧਿਰ ਐਨ.ਡੀ.ਪੀ. ਨੇ ਇਸ ਮਾਮਲੇ ਨੂੰ ਵਕੀਲਾਂ ਤੋਂ ਦੂਰ ਰੱਖਣ ਲਈ ਸਰਕਾਰ 'ਤੇ ਜ਼ੋਰ ਪਾਇਆ ਹੈ।
ਸਮਿਥ ਮੁਤਾਬਕ ਆਡੀਟਰ ਜਨਰਲ ਡੱਗ ਵਾਇਲੀ ਦੀ ਅਪੀਲ 'ਤੇ ਉਨ੍ਹਾਂ ਨੇ ਇਸ ਮਾਮਲੇ ਦੀ ਜਾਂਚ ਵਿਚ ਵਕੀਲਾਂ ਨੂੰ ਸ਼ਾਮਿਲ ਕੀਤਾ ਹੈ। ਐਨ.ਡੀ.ਪੀ. ਦੀ ਹਾਊਸ ਲੀਡਰ ਕ੍ਰਿਸਟੀਨਾ ਗ੍ਰੇ ਨੇ ਦੋਸ਼ ਲਾਇਆ ਕਿ ਸਰਕਾਰ ਦੀ ਨੀਤੀ ਤੋਂ ਸਪੱਸ਼ਟ ਹੈ ਕਿ ਇਹ ਕੁਝ ਲੁਕਾਉਣਾ ਚਾਹੁੰਦੀ ਹੈ ਜਦਕਿ ਸਮਿਥ ਦਾ ਕਹਿਣਾ ਹੈ ਕਿ ਵਿਰੋਧੀ ਧਿਰ ਸੱਚ ਨੂੰ ਤੋੜ ਕੇ ਪੇਸ਼ ਕਰ ਰਹੀ ਹੈ।
ਉਨ੍ਹਾਂ ਕਿਹਾ ਕਿ ਵਾਇਲੀ ਨੇ ਕੁਝ ਅਜਿਹੇ ਦਸਤਾਵੇਜ਼ ਲੱਭੇ ਹਨ, ਜਿਨ੍ਹਾਂ ਦੀ ਤਹਿ ਤੱਕ ਜਾਣ ਲਈ ਵਕੀਲਾਂ ਦੀ ਜ਼ਰੂਰਤ ਹੈ। ਦੱਸ ਦੇਈਏ ਕਿ ਮੈਂਟਜ਼ੇਲੋਪੋਲੋਸ ਦਾ ਦੋਸ਼ ਹੈ ਕਿ ਉਸ ਨੂੰ 8 ਜਨਵਰੀ ਨੂੰ ਜਾਣ-ਬੁੱਝ ਕੇ ਨੌਕਰੀ ਤੋਂ ਕੱਢਿਆ ਗਿਆ ਕਿਉਂਕਿ ਇਹ ਇਕ ਜ਼ਰੂਰੀ ਜਾਂਚ ਦੀ ਰਿਪੋਰਟ ਤਿਆਰ ਕਰ ਰਹੀ ਸੀ। ਉਸ ਨੇ ਐਲਬਰਟਾ ਹੈਲਥ ਸਰਵਸਿਸ 'ਤੇ 1.7-ਮਿਲੀਅਨ ਦਾ ਮੁਕੱਦਮਾ ਦਾਇਰ ਕੀਤਾ ਹੈ। ਫਿਲਹਾਲ ਕੋਈ ਵੀ ਦੋਸ਼ ਅਜੇ ਸੱਚ ਸਾਬਤ ਨਹੀਂ ਹੋਇਆ।