Apr 9, 2025 5:14 PM - Connect Newsroom
ਐਲਬਰਟਾ ਸਰਕਾਰ ਨੇ ਚੁਣੇ ਗਏ ਪਬਲਿਕ ਸਕੂਲ ਬੋਰ਼ਡਜ਼ ਅਤੇ ਮਿਊਂਸੀਪਲ ਕੌਂਸਲਾਂ ਦੀਆਂ ਸ਼ਕਤੀਆਂ ਘਟਾਉਣ ਲਈ ਬੀਤੇ ਦਿਨ ਵਿਧਾਨਸਭਾ ਵਿਚ ਦੋ ਬਿੱਲ ਪੇਸ਼ ਕੀਤੇ। ਇਕ ਬਿੱਲ ਦੇ ਪਾਸ ਹੋਣ ਨਾਲ ਲੋਕਲ ਕੌਂਸਲਜ਼ ਦੇ ਆਚਾਰ ਸੰਹਿਤਾ ਨੂੰ ਰੱਦ ਕਰ ਦਿੱਤਾ ਜਾਵੇਗਾ । ਇਸ ਦੇ ਨਾਲ ਹੀ ਜੋ ਸ਼ਿਕਾਇਤਾਂ ਅਜੇ ਅਦਾਲਤ ਵਿਚ ਪੇਸ਼ ਨਹੀਂ ਹੋਈਆਂ ਉਹ ਵੀ ਰੱਦ ਹੋਣਗੀਆਂ।
ਨਗਰਪਾਲਿਕਾ ਮਾਮਲੇ ਦੇ ਮੰਤਰੀ ਰਿਕ ਮੈਕਆਈਵਰ ਨੇ ਕਿਹਾ ਕਿ ਸਾਨੂੰ ਹੋਰ ਵਧੀਆ ਅਤੇ ਨਿਰਪੱਖ ਸਿਸਟਮ ਦੀ ਜ਼ਰੂਰਤ ਹੈ। ਗੌਰਤਲਬ ਹੈ ਕਿ ਪਿਛਲੇ ਸਾਲ ਸਾਊਦਰਨ ਐਲਬਰਟਾ ਦੇ ਸ਼ਹਿਰ ਮੈਡੀਸਨ ਹੇਟ ਦੀ ਮੇਅਰ ਨੂੰ ਆਚਾਰ ਸੰਹਿਤਾ ਦੇ ਦੋਸ਼ਾਂ ਕਾਰਨ ਆਪਣੀਆਂ ਸ਼ਕਤੀਆਂ ਅਤੇ ਤਨਖਾਹ ਦਾ ਕੁਝ ਹਿੱਸਾ ਗੁਆਉਣਾ ਪਿਆ ਸੀ ਪਰ ਬਾਅਦ ਵਿਚ ਅਦਾਲਤ ਨੇ ਉਨ੍ਹਾਂ ਦੀਆਂ ਸ਼ਕਤੀਆਂ ਬਹਾਲ ਕਰ ਦਿੱਤੀਆਂ ਸਨ।
ਉਨ੍ਹਾਂ ਕਿਹਾ ਕਿ ਮਿਊਂਸੀਪੈਲਿਟੀਜ਼ ਨੂੰ ਹੁਣ ਇਸ ਤਰ੍ਹਾਂ ਦੇ ਫੈਸਲਿਆਂ ਲਈ ਕੌਂਸਲ ਨਾਲ ਗੱਲ ਕਰਨੀ ਜ਼ਰੂਰੀ ਹੋਵੇਗੀ। ਐਜੂਕੇਸ਼ਨ ਮੰਤਰੀ ਡੇਮੇਟ੍ਰੀਓਸ ਨਿਕੋਲਾਈਡੇਸ ਮੁਤਾਬਕ ਦੂਜਾ ਬਿੱਲ ਸਕੂਲ ਬੋਰਡਜ਼ ਨੂੰ ਚੁਣੇ ਗਏ ਟਰੱਸਟੀਜ਼ ਨੂੰ ਆਚਾਰ ਸੰਹਿਤਾ ਦੀ ਉਲੰਘਣਾ ਦੇ ਦੋਸ਼ ਕਾਰਨ ਸਕੂਲ ਤੋਂ ਹਟਾਉਣ ਨੂੰ ਰੋਕੇਗਾ। ਹਾਲਾਂਕਿ ਸਕੂਲ ਬੋਰਡ ਉਨ੍ਹਾਂ ਨੂੰ ਸਜ਼ਾ ਦੇ ਸਕੇਗਾ।