Mar 18, 2025 7:10 PM - Connect Newsroom
ਐਲਬਰਟਾ ਦੀ ਸਿਹਤ ਮੰਤਰੀ ਨੇ ਐਡਮਿੰਟਨ ਸਣੇ ਕੁਝ ਇਲਾਕਿਆਂ ਵਿਚ ਖਸਰੇ ਦੇ ਮਾਮਲੇ ਸਾਹਮਣੇ ਆਉਣ ਮਗਰੋਂ ਲੋਕਾਂ ਨੂੰ ਜ਼ਰੂਰੀ ਟੀਕਾਕਰਨ ਕਰਵਾਉਣ ਦੀ ਸਲਾਹ ਦਿੱਤੀ ਹੈ। ਉਨ੍ਹਾਂ ਕਿਹਾ ਕਿ ਸਟੌਲਰੀ ਚਿਲਡਰਨ ਹਸਪਤਾਲ ਅਤੇ ਨੌਰਥ ਮੈਡੀਕਲ ਕਲੀਨਿਕ ਤੋਂ ਐਤਵਾਰ ਰਾਤ ਖਸਰੇ ਦੇ ਮਾਮਲਿਆਂ ਦੀ ਪੁਸ਼ਟੀ ਹੋਣ ਮਗਰੋਂ ਚਿੰਤਾ ਵੱਧ ਗਈ ਹੈ।
1970 ਅਤੇ ਇਸ ਦੇ ਬਾਅਦ ਜੰਮੇ ਜਿਨ੍ਹਾਂ ਲੋਕਾਂ ਨੇ ਖਸਰੇ ਤੋਂ ਬਚਾਅ ਲਈ 2 ਤੋਂ ਘੱਟ ਟੀਕੇ ਲਗਵਾਏ ਹਨ, ਉਨ੍ਹਾਂ ਦਾ ਇਸ ਕਾਰਨ ਬੀਮਾਰ ਹੋਣ ਦਾ ਖਤਰਾ ਵਧੇਰੇ ਹੈ। ਸਿਹਤ ਮੰਤਰੀ ਐਡਰੀਆਨਾ ਲਾਗਰੇਂਜ ਨੇ ਕਿਹਾ ਕਿ ਸੂਬਾ ਇਸ ਤੋਂ ਬਚਾਅ ਲਈ ਲੋਕਾਂ ਨੂੰ ਜਾਗਰੂਕ ਕਰ ਰਿਹਾ ਹੈ। ਉਨ੍ਹਾਂ ਕਿਹਾ ਸਿਰਫ ਐਲਬਰਟਾ ਹੀ ਨਹੀਂ ਕੈਨੇਡਾ ਅਤੇ ਪੂਰੀ ਦੁਨੀਆ ਵਿਚ ਬਹੁਤੇ ਲੋਕ ਇਸ ਟੀਕੇ ਨੂੰ ਲਗਵਾਉਣ ਤੋਂ ਬਚਦੇ ਹਨ ਜਦਕਿ ਇਹ ਉਨ੍ਹਾਂ ਲਈ ਜ਼ਰੂਰੀ ਹੈ।
ਐਲਬਰਟਾ ਵਿਚ ਇਸ ਦਾ ਟੀਕਾਕਰਣ ਮੁਫਤ ਕੀਤਾ ਜਾਂਦਾ ਹੈ। ਸੂਬੇ ਵਿਚ ਬੱਚਿਆਂ ਨੂੰ ਖਸਰੇ ਤੋਂ ਬਚਾਅ ਲਈ ਪਹਿਲੇ ਸਾਲ ਵਿਚ ਹੀ ਪਹਿਲੀ ਡੋਜ਼ ਦਿੱਤੀ ਜਾਂਦੀ ਹੈ ਅਤੇ 18 ਮਹੀਨਿਆਂ ਦੇ ਹੋਣ ਤੱਕ ਦੂਜੀ ਡੋਜ਼ ਦਿੱਤੀ ਜਾਂਦੀ ਹੈ। 2023 ਦੀ ਰਿਪੋਰਟ ਮੁਤਾਬਕ ਸੂਬੇ ਵਿਚ ਦੋ ਸਾਲ ਦੀ ਉਮਰ ਦੇ 82 ਫੀਸਦੀ ਬੱਚਿਆਂ ਨੂੰ ਇਹ ਟੀਕੇ ਲੱਗੇ ਸਨ। ਦੱਸ ਦੇਈਏ ਕਿ ਏਅਰਡ੍ਰੀ ਅਤੇ ਬਾਲਜ਼ੈਕ ਵਿਚ ਵੀ ਪਿਛਲੇ ਹਫਤੇ ਖਸਰੇ ਦੇ ਮਾਮਲੇ ਸਾਹਮਣੇ ਆਏ ਸਨ।