Oct 21, 2024 7:12 PM - The Canadian Press
ਐਲਬਰਟਾ ਸਰਕਾਰ ਵਲੋਂ ਜੈਸਪਰ ਜੰਗਲੀ ਅੱਗ ਕਾਰਨ ਪ੍ਰਭਾਵਿਤ ਸਰਵਿਸ ਵਰਕਰਜ਼ ਲਈ $112 ਮਿਲੀਅਨ ਦੇ ਅੰਤਰਿਮ ਰਿਹਾਇਸ਼ ਦੀ ਘੋਸ਼ਣਾ ਕੀਤੀ ਗਈ ਹੈ। ਸਰਕਾਰ ਵਲੋਂ ਅੱਗ ਕਾਰਨ ਵਿਸਥਾਪਿਤ ਲੋਕਾਂ ਨੂੰ ਅੰਤਰਿਮ ਰਿਹਾਇਸ਼ ਦੇ 250 ਯੂਨਿਟ ਮਿਲਣ ਜਾ ਰਹੇ ਹਨ। ਇਸ ਦੀ ਘੋਸ਼ਣਾ ਕਮਿਊਨਿਟੀ ਅਤੇ ਸੋਸ਼ਲ ਸਰਵਿਸਸ ਦੇ ਮੰਤਰੀ ਜੇਸਨ ਨਿਕਸਨ ਵਲੋਂ ਕੀਤੀ ਗਈ।
ਉਨ੍ਹਾਂ ਕਿਹਾ ਕਿ ਇਹ ਯੂਨਿਟਸ ਮਾਰਕਿਟ ਰੇਟ ਵਿਚ ਕਿਰਾਏ ’ਤੇ ਦਿੱਤੇ ਜਾਣਗੇ। ਗੌਰਤਲਬ ਹੈ ਕਿ ਜੁਲਾਈ ਵਿਚ ਜੰਗਲੀ ਅੱਗ ਕਾਰਨ ਟੂਰਿਸਟ ਦੇ ਪਸੰਦੀਦਾ ਇਸ ਟਾਊਨ ਦੀਆਂ ਕਰੀਬ ਇਕ-ਤਿਹਾਈ ਇਮਾਰਤਾਂ ਅੱਗ ਦੇ ਹਵਾਲੇ ਹੋ ਗਈਆਂ ਸਨ, ਜਿਨ੍ਹਾਂ ਵਿਚ 800 ਯੂਨਿਟਸ ਸਨ।
ਮੰਤਰੀ ਨੇ ਕਿਹਾ ਕਿ ਫਿਲਹਾਲ ਇਹ ਨਿਸ਼ਚਿਤ ਕੀਤਾ ਜਾ ਰਿਹਾ ਹੈ ਕਿ ਅੰਤਰਿਮ ਹਾਊਸਿੰਗ ਯੂਨਿਟ ਨੂੰ ਪਰਿਵਾਰਾਂ ਜਾਂ ਇਕੱਲੇ ਵਿਅਕਤੀ ਲਈ ਕਿਵੇਂ ਡਿਜ਼ਾਇਨ ਕੀਤਾ ਜਾਣਾ ਹੈ। ਇੱਥੋਂ ਦੇ ਮੇਅਰ ਰਿਚਰਡ ਆਇਰਲੈਂਡ ਨੇ ਕਿਹਾ ਕਿ ਸਿਟੀ ਦੇ ਲੋਕਾਂ ਨੂੰ ਘਰਾਂ ਦੀ ਬਹੁਤ ਜ਼ਰੂਰਤ ਹੈ ਅਤੇ ਇਹ ਪਰੇਸ਼ਾਨੀ ਅੱਗ ਲੱਗਣ ਤੋਂ ਪਹਿਲਾਂ ਵੀ ਬਣੀ ਹੋਈ ਸੀ।