Apr 23, 2025 5:52 PM - Connect Newsroom
ਤੁਰਕੀ ਦੇ ਇਸਤਾਂਬੁਲ ਵਿੱਚ ਅੱਜ 6.2 ਦੀ ਤੀਬਰਤਾ ਦਾ ਵੱਡਾ ਭੂਚਾਲ ਆਇਆ। ਇਸ ਦਾ ਕੇਂਦਰ ਇਸਤਾਂਬੁਲ ਦੇ ਨੇੜੇ ਮਰਮਾਰਾ ਸਮੁੰਦਰ ਵਿਚ ਸੀ। ਤੁਰਕੀ ਦੀ ਐਮਰਜੈਂਸੀ ਪ੍ਰਬੰਧਨ ਏਜੰਸੀ ਨੇ ਕਿਹਾ ਕਿ ਭੂਚਾਲ ਤੋਂ ਬਾਅਦ ਹੁਣ ਤੱਕ ਕਿਸੇ ਵੀ ਨੁਕਸਾਨ ਜਾਂ ਕਿਸੇ ਦੇ ਜ਼ਖਮੀ ਹੋਣ ਦੀ ਕੋਈ ਰਿਪੋਰਟ ਨਹੀਂ ਹੈ।
ਰਿਪੋਰਟਸ ਦੀ ਮੰਨੀਏ ਤਾਂ ਇੱਕ ਘੰਟੇ ਵਿਚ ਤੁਰਕੀ ਵਿਚ ਭੂਚਾਲ ਦੇ ਤਿੰਨ ਝਟਕੇ ਲੱਗੇ, ਪਹਿਲਾ ਭੂਚਾਲ 3.9 ਤੀਬਰਤਾ ਦਾ ਸੀ, ਦੂਜਾ 6.2 ਅਤੇ ਤੀਜਾ 4.4 ਤੀਬਰਤਾ ਦਾ ਸੀ। ਇਸ ਵਿਚਕਾਰ ਅਧਿਕਾਰੀਆਂ ਵਲੋਂ ਲੋਕਾਂ ਨੂੰ ਭੂਚਾਲ ਨਾਲ ਡੈਮੇਜ ਹੋਈਆਂ ਇਮਾਰਤਾਂ ਵਿਚ ਨਾ ਜਾਣ ਦੀ ਚਿਤਾਵਨੀ ਦਿੱਤੀ ਗਈ।
ਗੌਰਤਲਬ ਹੈ ਕਿ ਦੋ ਸਾਲ ਪਹਿਲਾਂ ਤੁਰਕੀ ਅਤੇ ਸੀਰੀਆ ਵਿਚ ਆਏ ਭੂਚਾਲ ਵਿਚ 60 ਹਜ਼ਾਰ ਲੋਕ ਮਾਰੇ ਗਏ ਸਨ, ਜਦੋਂ ਕਿ 75 ਹਜ਼ਾਰ ਤੋਂ ਵੱਧ ਲੋਕ ਜ਼ਖਮੀ ਹੋਏ ਸਨ। ਉਸ ਦੌਰਾਨ ਇਕੱਲੇ ਤੁਰਕੀ ਵਿਚ 53 ਹਜ਼ਾਰ ਤੋਂ ਵੱਧ ਲੋਕਾਂ ਦੀ ਜਾਨ ਗਈ ਸੀ। ਦਰਅਸਲ, ਤੁਰਕੀ ਵੱਡੀਆਂ-ਵੱਡੀਆਂ ਟੈਕਟੋਨਿਕ ਪਲੇਟਸ 'ਤੇ ਸਥਿਤ ਹੈ, ਜਿਸ ਕਾਰਨ ਇੱਥੇ ਭੂਚਾਲ ਦਾ ਖਤਰਾ ਬਣਿਆ ਰਹਿੰਦਾ ਹੈ।