Jun 21, 2024 4:00 PM - Connect Newsroom
ਅਦਾਕਾਰੀ ਤੋਂ ਇਲਾਵਾ ਕਈ ਅਭਿਨੇਤਰੀਆਂ ਆਪਣਾ ਕਾਰੋਬਾਰ ਵੀ ਚਲਾਉਂਦੀਆਂ ਹਨ। ਪ੍ਰਿਅੰਕਾ ਚੋਪੜਾ ਇਨ੍ਹਾਂ ’ਚੋਂ ਇਕ ਹੈ। ਦੇਸੀ ਗਰਲ ਆਪਣੇ ਪੈਸਿਆਂ ਨੂੰ ਕਈ ਬ੍ਰਾਂਡਾਂ ’ਚ ਨਿਵੇਸ਼ ਕਰਦੀ ਹੈ। ਕੁਝ ਸਮਾਂ ਪਹਿਲਾਂ ਪ੍ਰਿਅੰਕਾ ਚੋਪੜਾ ਨਿਊਯਾਰਕ ਸਿਟੀ ਦੇ ਰੈਸਟੋਰੈਂਟ ’ਸੋਨਾ’ ’ਚ ਪੈਸਾ ਨਿਵੇਸ਼ ਕਰਦੀ ਸੀ ਪਰ ਬਾਅਦ ’ਚ ਉਨ੍ਹਾਂ ਨੇ ਇਸ ਤੋਂ ਦੂਰੀ ਬਣਾ ਲਈ ਸੀ।
ਹੁਣ ਖ਼ਬਰ ਆ ਰਹੀ ਹੈ ਕਿ ਇਹ ਰੈਸਟੋਰੈਂਟ ਵੀ ਬੰਦ ਹੋਣ ਜਾ ਰਿਹਾ ਹੈ। ਸੋਨਾ ਨੇ ਐਲਾਨ ਕੀਤਾ ਹੈ ਕਿ ਇਹ 30 ਜੂਨ ਨੂੰ ਆਪਣੀ ਆਖਰੀ ਸੇਵਾ ਤੋਂ ਬਾਅਦ ਜਲਦੀ ਹੀ ਪੱਕੇ ਤੌਰ ’ਤੇ ਬੰਦ ਹੋ ਜਾਵੇਗਾ। ਸੋਨਾ ਦਾ ਉਦਘਾਟਨ 3 ਸਾਲ ਪਹਿਲਾਂ ਪੂਜਾ ਨਾਲ ਕੀਤਾ ਗਿਆ ਸੀ, ਜਿਸ ’ਚ ਬਹੁਤ ਸਾਰੇ ਲੋਕ ਸ਼ਾਮਲ ਹੋਏ ਸਨ। ਪ੍ਰਿਅੰਕਾ ਚੋਪੜਾ ਵੀ ਆਪਣੇ ਪਤੀ ਨਿਕ ਜੋਨਸ ਨਾਲ ਇਸ ਦਾ ਹਿੱਸਾ ਬਣੀ ਸੀ।
ਰੈਸਟੋਰੈਂਟ ਨੇ ਇੰਸਟਾਗ੍ਰਾਮ ’ਤੇ ਇਕ ਪੋਸਟ ’ਚ ਆਪਣੇ ਬੰਦ ਹੋਣ ਦੀ ਖ਼ਬਰ ਸਾਂਝੀ ਕੀਤੀ, ਜਿਸ ’ਚ ਲਿਖਿਆ ਹੈ, ’’ਤਿੰਨ ਸਾਲਾਂ ਦੇ ਓਪਰੇਸ਼ਨ ਤੋਂ ਬਾਅਦ, ਸੋਨਾ ਬੰਦ ਹੋ ਰਿਹਾ ਹੈ। ਸਾਡੇ ਦਰਵਾਜ਼ੇ ’ਤੇ ਆਉਣ ਵਾਲੇ ਹਰ ਵਿਅਕਤੀ ਦਾ ਅਸੀਂ ਬਹੁਤ ਧੰਨਵਾਦ ਕਰਦੇ ਹਾਂ।
ਤੁਹਾਡੀ ਸੇਵਾ ਕਰਨਾ ਸਾਡੇ ਲਈ ਸਭ ਤੋਂ ਵੱਡਾ ਸਨਮਾਨ ਹੈ। ਸੋਨਾ ਦਾ ਆਖਰੀ ਬ੍ਰੰਚ 30 ਜੂਨ ਨੂੰ ਹੋਵੇਗਾ।
ਸੋਨਾ ਦੀ ਸਥਾਪਨਾ 2021 ’ਚ ਪ੍ਰਿਅੰਕਾ ਚੋਪੜਾ ਅਤੇ ਮਨੀਸ਼ ਗੋਇਲ ਨੇ ਕੀਤੀ ਸੀ। ਹਾਲਾਂਕਿ ਬਾਅਦ ’ਚ ਅਭਿਨੇਤਰੀ ਨੇ ਕਥਿਤ ਤੌਰ ’ਤੇ 2023 ਦੇ ਅੰਤ ’ਚ ਆਪਣੇ ਆਪ ਨੂੰ ਇਸ ਤੋਂ ਦੂਰ ਕਰ ਲਿਆ ਅਤੇ ਸਾਂਝੇਦਾਰੀ ਨੂੰ ਖ਼ਤਮ ਕਰ ਦਿੱਤਾ। ਇਸ ’ਤੇ ਪ੍ਰਿਅੰਕਾ ਦੇ ਪ੍ਰਤੀਨਿਧੀ ਨੇ ਬਿਆਨ ਜਾਰੀ ਕੀਤਾ ਸੀ। ਬਿਆਨ ’ਚ ਕਿਹਾ ਗਿਆ ਹੈ, ‘ਸੋਨਾ ਨੂੰ ਆਪਣੀ ਜ਼ਿੰਦਗੀ ’ਚ ਲਿਆਉਣਾ ਉਸ ਦੇ ਕਰੀਅਰ ’ਚ ਹਮੇਸ਼ਾ ਇੱਕ ਮਾਣ ਵਾਲਾ ਅਤੇ ਮਹੱਤਵਪੂਰਨ ਪਲ ਸੀ। ਪ੍ਰਿਅੰਕਾ ਨੇ ਹਮੇਸ਼ਾ ਕਹਾਣੀ ਸੁਣਾਉਣ ਦੇ ਜ਼ਰੀਏ ਭਾਰਤੀ ਸੱਭਿਆਚਾਰ ਨੂੰ ਸਾਹਮਣੇ ਲਿਆਉਣ ਦੀ ਕੋਸ਼ਿਸ਼ ਕੀਤੀ ਹੈ।’
ਦੱਸਣਯੋਗ ਹੈ ਕਿ ਰੈਸਟੋਰੈਂਟ ਤੋਂ ਇਲਾਵਾ ਪ੍ਰਿਅੰਕਾ ਲਗਜ਼ਰੀ ਹੋਮ ਵੇਅਰ ਬ੍ਰਾਂਡ ਸੋਨਾ ਹੋਮ ਦੀ ਮਾਲਕ ਹੈ। ਉਸ ਕੋਲ ਇੱਕ ਹੇਅਰ ਕੇਅਰ ਬ੍ਰਾਂਡ ਅਨੌਮਲੀ ਵੀ ਹੈ। ਇਸ ਤੋਂ ਇਲਾਵਾ ਉਨ੍ਹਾਂ ਦੀ ਇੱਕ ਫ਼ਿਲਮ ਪ੍ਰੋਡਕਸ਼ਨ ਕੰਪਨੀ ਪਰਪਲ ਪੇਬਲ ਪਿਕਚਰਜ਼ ਵੀ ਹੈ।