Dec 4, 2024 6:05 PM - Connect Newsroom
ਬਾਲੀਵੁੱਡ ਦੇ ਚਰਚਿਤ ਅਦਾਕਾਰ ਰਣਬੀਰ ਕਪੂਰ ਨੇ ਆਪਣੇ ਪ੍ਰਸ਼ੰਸਕਾਂ ਨੂੰ ਉਤਸਕ ਅਤੇ ਉਤਸ਼ਾਹਿਤ ਕਰਨ ਵਾਲੇ ਕੁਝ ਖੁਲਾਸੇ ਕੀਤੇ ਹਨ। ਇਨ੍ਹਾਂ ’ਚ ਇਕ ਖ਼ਬਰ ਜ਼ਿਕਰਯੋਗ ਇਹ ਵੀ ਹੈ ਕਿ ਰਣਬੀਰ ਕਪੂਰ ਆਪਣੇ ਸ਼ੋਅ ਮੈਨ ਵਜੋਂ ਜਾਣੇ ਜਾਂਦੇ ਦਾਦਾ ਜੀ ਰਾਜ ਕਪੂਰ ਬਾਰੇ ਇਕ ਵਿਸ਼ੇਸ਼ ਫਿਲਮ ਫੈਸਟੀਵਲ ਕਰਵਾਉਣ ਦਾ ਇਰਾਦਾ ਰੱਖਦੇ ਹਨ।
ਇਸ ਫੈਸਟੀਵਲ ਦਾ ਐਲਾਨ ਕਰਦਿਆਂ ਰਣਬੀਰ ਕਪੂਰ ਨੇ ਦੱਸਿਆ ਕਿ ਇਸ ਦਾ ਆਯੋਜਨ ਦਸੰਬਰ ’ਚ ਵੀ ਦੇਸ਼ ਭਰ ’ਚ ਕੀਤਾ ਜਾਵੇਗਾ। ਇਸ ਫੈਸਟੀਵਲ ’ਚ ਫਿਲਮੀ ਦੁਨੀਆ ਦੀ ਮਹਾਨ ਹਸਤੀ ਸਵਰਗੀ ਰਾਜ ਕਪੂਰ ਦੀਆਂ ਕਲਾਸਿਕ ਫਿਲਮਾਂ ਦਾ ਪ੍ਰਦਰਸ਼ਨ ਕੀਤਾ ਜਾਵੇਗਾ।
ਰਣਬੀਰ ਕਪੂਰ ਨੇ ਇਹ ਖੁਲਾਸਾ ਉਸ ਵੇਲੇ ਕੀਤਾ ਜਦੋਂ ਉਹ 55ਵੇਂ ਕੌਮਾਂਤਰੀ ਭਾਰਤੀ ਫਿਲਮ ਫੈਸਟੀਵਲ ਸਮੇਂ ਗੋਆ ’ਚ ਉੱਘੇ ਫਿਲਮ ਨਿਰਮਾਤਾ ਰਾਹੁਲ ਰਾਵੇਲ ਨਾਲ ਗੱਲਬਾਤ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਫੈਸਟੀਵਲ ਦਾ ਇਕ ਮਕਸਦ ਰਾਜ ਕਪੂਰ ਦਾ 14 ਦਸੰਬਰ ਨੂੰ 100ਵਾਂ ਜਨਮ ਦਿਹਾੜਾ ਮਨਾਉਣਾ ਵੀ ਹੋਵੇਗਾ। ਇਸ ਸੰਬੰਧ ’ਚ ਜੋਰਸ਼ੋਰ ਨਾਲ ਤਿਆਰੀਆਂ ਚੱਲ ਰਹੀਆਂ ਹਨ।