Jun 25, 2024 4:46 PM - Connect Newsroom
ਪੰਜਾਬੀ ਸੰਗੀਤ ਅਤੇ ਸਿਨੇਮਾ ਖੇਤਰ ’ਚ ਸ਼ਾਨਦਾਰ ਅਤੇ ਸਫਲ ਪਹਿਚਾਣ ਕਾਇਮ ਕਰਨ ਵਿੱਚ ਸਫ਼ਲ ਰਹੇ ਹਨ ਗਾਇਕ ਅਤੇ ਅਦਾਕਾਰ ਜੱਸੀ ਗਿੱਲ, ਜੋ ਹੁਣ ਹੌਲੀ ਹੌਲੀ ਬਾਲੀਵੁੱਡ ਵਿੱਚ ਵੀ ਅਪਣੀ ਧਾਕ ਜਮਾਉਂਦੇ ਜਾ ਰਹੇ ਹਨ, ਜਿਸ ਦਾ ਹੀ ਇਜ਼ਹਾਰ ਕਰਵਾਉਣ ਜਾ ਰਹੀ ਹੈ ਉਨ੍ਹਾਂ ਦੀ ਨਵੀਂ ਹਿੰਦੀ ਫਿਲਮ ‘ਵਾਇਲਡ ਵਾਇਲਡ ਪੰਜਾਬ’, ਜੋ ਜਲਦ ਹੀ ਓਟੀਟੀ ਪਲੇਟਫ਼ਾਰਮ ਉਪਰ ਆਨ ਸਟਰੀਮ ਹੋਣ ਜਾ ਰਹੀ ਹੈ।
ਨੈੱਟਫਲਿਕਸ ’ਤੇ ਜਾਰੀ ਹੋਣ ਜਾ ਰਹੀ ਇਸ ਫਿਲਮ ਦਾ ਨਿਰਮਾਣ ਲਵ ਰੰਜਨ ਅਤੇ ਅੰਕੁਰ ਗਰਗ ਦੁਆਰਾ ਕੀਤਾ ਗਿਆ ਹੈ, ਜਦਕਿ ਨਿਰਦੇਸ਼ਨ ਵਾਗਡੋਰ ਸਿਮਰਪ੍ਰੀਤ ਵੱਲੋਂ ਸੰਭਾਲੀ ਗਈ ਹੈ, ਜੋ ਇਸ ਤੋਂ ਪਹਿਲਾਂ ਵੈੱਬ ਸੀਰੀਜ਼ ’ਹਾਫ ਲਵ ਹਾਫ ਅਰੇਂਜਡ’ ਅਤੇ ’ਕਾਲਜ ਰੁਮਾਂਸ’ ਦਾ ਨਿਰਦੇਸ਼ਨ ਕਰ ਚੁੱਕੇ ਹਨ।
10 ਜੁਲਾਈ 2024 ਨੂੰ ਆਨ ਸਟਰੀਮ ਹੋਣ ਜਾ ਰਹੀ ਇਸ ਫਿਲਮ ਦੀ ਸਟਾਰ-ਕਾਸਟ ਵਿੱਚ ਜੱਸੀ ਗਿੱਲ ਤੋਂ ਇਲਾਵਾ ਵਰੁਣ ਸ਼ਰਮਾ, ਸੰਨੀ ਸਿੰਘ ਅਤੇ ਮਨਜੋਤ ਸਿੰਘ ਵੀ ਮਹੱਤਵਪੂਰਨ ਅਤੇ ਲੀਡਿੰਗ ਕਿਰਦਾਰਾਂ ਵਿੱਚ ਹਨ। ਦੋਸਤੀ ਅਤੇ ਰੋਮਾਂਚ ਭਰੀ ਇਹ ਫਿਲਮ ਚਾਰ ਦੋਸਤਾਂ ਦੀ ਇੱਕ ਲੰਬੀ ਯਾਤਰਾ ਅਤੇ ਉਨ੍ਹਾਂ ਦੀ ਜਿੰਦਗੀ ਵਿੱਚ ਹੋਈ ਉਥਲ-ਪੁਥਲ ਉਤੇ ਅਧਾਰਿਤ ਹੈ, ਜਿਸ ਵਿੱਚ ਹਿੰਦੀ ਸਿਨੇਮਾ ਦੇ ਚਰਚਿਤ ਚਿਹਰਿਆਂ ਵਿੱਚ ਸ਼ੁਮਾਰ ਕਰਵਾ ਰਹੀਆਂ ਅਦਾਕਾਰਾਂ ਪਾਤਰਾਲੇਖਾ ਅਤੇ ਇਸ਼ਿਤਾ ਰਾਜ ਵੀ ਨਜ਼ਰ ਆਉਣਗੀਆਂ, ਜਿੰਨ੍ਹਾਂ ਵੱਲੋਂ ਵੀ ਬੇਹੱਦ ਅਹਿਮ ਭੂਮਿਕਾਵਾਂ ਅਦਾ ਕੀਤੀਆਂ ਗਈਆਂ ਹਨ।