Nov 12, 2026 3:23 PM - Pervez Sandhu - Connect Newsroom
ਕੈਨੇਡੀਅਨ ਸਰਕਾਰ ਨੇ ਯੂਕਰੇਨ ਜੰਗ ਦੇ ਮਸਲੇ 'ਤੇ ਹਾਕੀ ਕੈਨੇਡਾ ਨੂੰ ਅਧਿਕਾਰਤ ਤੌਰ 'ਤੇ ਸੂਚਿਤ ਕਰ ਦਿੱਤਾ ਹੈ ਕਿ ਐਡਮਿੰਟਨ ਅਤੇ ਰੈਡ ਡੀਅਰ ਵਿਚ ਹੋਣ ਵਾਲੇ ਵਿਸ਼ਵ ਜੂਨੀਅਰ ਚੈਂਪੀਅਨਸ਼ਿਪ ਵਿਚ ਖੇਡਣ ਲਈ ਰੂਸ ਦੇ ਖਿਡਾਰੀਆਂ ਲਈ ਵੀਜ਼ਾ ਜਾਰੀ ਨਹੀਂ ਹੋਣਗੇ। ਖੇਡ ਮੰਤਰੀ ਐਡਮ ਵੈਨ ਕੋਵਰਡਨ ਨੇ ਇਹ ਵੀ ਸਾਫ ਕੀਤਾ ਹੈ ਕਿ ਜਿਨ੍ਹਾਂ ਰੂਸੀ ਖਿਡਾਰੀਆਂ ਕੋਲ ਕੈਨੇਡਾ ਵਿਚ ਟੀਮਾਂ ਲਈ ਖੇਡਣ ਲਈ ਪਹਿਲਾਂ ਤੋਂ ਵੀਜ਼ਾ ਹਨ ਉਹ ਵੀ ਆਯੋਗ ਮੰਨੇ ਜਾਣਗੇ, ਬੇਸ਼ੱਕ ਉਹ ਕਿਸੇ ਵੀ ਹੋਰ ਦੇਸ਼ ਲਈ ਖੇਡਣ ਵਾਲੇ ਸਨ।
ਕੋਵਰਡਨ ਨੇ ਕਿਹਾ ਕਿ ਇਮੀਗ੍ਰੇਸ਼ਨ ਮਿਨਿਸਟਰ ਵਲੋਂ ਰੂਸ ਅਤੇ ਬੇਲਾਰੂਸ ਦੇ ਖਿਡਾਰੀਆਂ ਅਤੇ ਅਧਿਕਾਰੀਆਂ ਨੂੰ ਕੈਨੇਡਾ ਵਿਚ ਦਾਖ਼ਲ ਹੋਣ ਤੋਂ ਰੋਕਣ ਲਈ ਕਦਮ ਚੁੱਕੇ ਜਾ ਰਹੇ ਹਨ, ਭਾਵੇਂ ਉਨ੍ਹਾਂ ਕੋਲ ਪਹਿਲਾਂ ਤੋਂ ਹੀ ਵੈਲਿਡ ਵੀਜ਼ਾ ਹਨ।
ਖੇਡ ਲਈ ਸਕੈਂਡਰੀ ਔਫ ਸਟੇਟ ਨੇ ਕਿਹਾ ਕਿ ਇਹ ਕਦਮ ਇਨ੍ਹਾਂ ਦੋਹਾਂ ਦੇਸ਼ਾਂ ਦੇ ਆਮ ਲੋਕਾਂ ਦੇ ਵਿਰੁੱਧ ਨਹੀਂ ਹੈ ਬਲਕਿ ਇਸ ਦਾ ਉਦੇਸ਼ ਰੂਸ ਅਤੇ ਬੇਲਾਰੂਸ ਦੀਆਂ ਸਰਕਾਰਾਂ ਨੂੰ ਖੇਡਾਂ ਦੇ ਬਹਾਨੇ ਕੈਨੇਡਾ ਵਿਚ ਹੋਣ ਵਾਲੇ ਅੰਤਰਰਾਸ਼ਟਰੀ ਖੇਡ ਮੁਕਾਬਲੇ ਨੂੰ ਆਪਣੀ ਸਟੇਟ ਦੇ ਨੁਮਾਇੰਦਗੀ ਵਜੋਂ ਵਰਤਣ ਤੋਂ ਰੋਕਣਾ ਹੈ।

