Apr 26, 2024 6:11 PM - Connect Newsroom
ਪੰਜਾਬੀ ਸੁਪਰਸਟਾਰ ਦਿਲਜੀਤ ਦੋਸਾਂਝ ਬੀ.ਸੀ. ਪਲੇਸ ਵਿਖੇ ਆਪਣੇ ‘ਦਿਲ ਲੁਮਿਨਾਟੀ ਟੂਰ’ ਦੀ ਸ਼ੁਰੂਆਤ ਕਰਨ ਲਈ ਬੀਤੇ ਕੱਲ੍ਹ ਵੈਨਕੂਵਰ ਪਹੁੰਚੇ। ਇਤਿਹਾਸ ਵਿੱਚ ਇਹ ਪਹਿਲੀ ਵਾਰ ਹੈ ਜਦ ਕੋਈ ਪੰਜਾਬੀ ਗਾਇਕ ਸੁਪਰਸਟਾਰ ਬੀ.ਸੀ. ਵਿਚ ਪਰਫਾਰਮ ਕਰੇਗਾ।
ਦਿਲਜੀਤ ਦੇ ਮੈਨੇਜਰ ਨੇ ਕੱਲ੍ਹ ਵੈਨਕੂਵਰ ਪਹੁੰਚਣ ਦੀ ਪੁਸ਼ਟੀ ਕਰਦਿਆਂ ਇੰਸਟਾਗ੍ਰਾਮ ’ਤੇ ਤਸਵੀਰਾਂ ਅਤੇ ਵੀਡੀਓ ਪੋਸਟ ਕੀਤੀਆਂ। ਸ਼ਨੀਵਾਰ ਨੂੰ ਬੀ.ਸੀ. ਪਲੇਸ ਦਿਲਜੀਤ ਦੇ ਸ਼ੈਡਿਊਲ ਦਾ ਪਹਿਲਾ ਸਟਾਪ ਹੋਵੇਗਾ। ਦਿਲਜੀਤ ਦੇ ਵੈਨਕੂਵਰ ਪਹੁੰਚਣ ’ਤੇ ਉਸਦੇ ਪ੍ਰਸ਼ੰਸਕਾਂ ਦਾ ਕਹਿਣਾ ਹੈ ਕਿ ਉਹ ਇਸ ਸ਼ੋਅ ਨੂੰ ਲੈ ਕੇ ਬਹੁਤ ਉਤਸ਼ਾਹਿਤ ਹਨ ਅਤੇ ਉਹ ਆਪਣੇ ਸੱਭਿਆਚਾਰ ਅਤੇ ਪੰਜਾਬੀ ਹੋਣ ’ਤੇ ਮਾਣ ਮਹਿਸੂਸ ਕਰਦੇ ਹਨ।
ਬੀ.ਸੀ. ਪਲੇਸ ਦੇ ਜਨਰਲ ਮੈਨੇਜਰ ਕ੍ਰਿਸ ਮੇਅ ਦਾ ਕਹਿਣਾ ਹੈ ਕਿ ਇਹ ਪੰਜਾਬ ਤੋਂ ਬਾਹਰ ਦਾ ਸਭ ਤੋਂ ਵੱਡਾ ਸ਼ੋਅ ਹੋਣ ਵਾਲਾ ਹੈ ਅਤੇ ਉਹ ਇਸ ਨੂੰ ਯਾਦਗਾਰ ਬਨਾਉਣ ਲਈ ਪੂਰੀ ਤਿਆਰੀ ਕਰ ਰਹੇ ਹਨ।
ਪ੍ਰਬੰਧਕਾਂ ਵਲੋਂ ਬੀ.ਸੀ. ਪਲੇਸ ਵਿਚ 50,000 ਦੇ ਕਰੀਬ ਦਰਸ਼ਕਾਂ ਦੇ ਆਉਣ ਦੀ ਉਮੀਦ ਕੀਤੀ ਜਾ ਰਹੀ ਹੈ। ਜ਼ਿਕਰਯੋਗ ਹੈ ਕਿ ਇਹ ਸੁਪਰਸਟਾਰ ਪਹਿਲਾਂ ਵੀ ਵੈਨਕੂਵਰ ਵਿੱਚ ਇਤਿਹਾਸ ਰਚ ਚੁੱਕਾ ਹੈ। 2022 ਵਿੱਚ ਉਹ ਰੋਜਰਜ਼ ਅਰੇਨਾ ਵਿਚ ਪਰਫਾਰਮ ਕਰਨ ਵਾਲਾ ਪਹਿਲਾ ਪੰਜਾਬੀ ਸੰਗੀਤਕਾਰ ਬਣ ਗਿਆ ਹੈ।