Jun 29, 2026 6:38 PM - Pervez Sandhu - Connect Newsroom

ਐਤਵਾਰ ਨੂੰ ਟੀਮ ਕੈਨੇਡਾ ਆਪਣੇ ਫੀਫਾ ਵਿਸ਼ਵ ਕੱਪ ਇਤਿਹਾਸ ਦਾ ਪਹਿਲਾ ਨਾਕ-ਆਊਟ ਮੁਕਾਬਲਾ ਜਿੱਤ ਕੇ ਰਾਊਂਡ ਆਫ 16 'ਚ ਐਂਟਰੀ ਕਰ ਗਈ ਹੈ। ਟੀਮ ਨੇ ਮੁਕਾਬਲੇ ਦੇ ਰੈਗੂਲਰ ਟਾਈਮ ਦੇ ਖਤਮ ਹੋਣ ਤੋਂ ਬਾਅਦ, ਸਟੌਪੇਜ ਟਾਈਮ ਦੇ ਵਿੱਚ ਗੋਲ ਦਾਗਿਆ ਅਤੇ 1-0 ਦੇ ਨਾਲ ਮੁਕਾਬਲਾ ਆਪਣੇ ਨਾਮ ਕੀਤਾ। ਟੀਮ ਲਈ ਸਟੀਫਨ ਐਸਟਾਕੀਓ ਨੇ ਇਹ ਗੋਲ ਦਾਗਿਆ।

ਟੀਮ ਕੈਨੇਡਾ ਲਾਸ ਐਂਜਲਿਸ ਦੇ ਵਿੱਚ ਮੁਕਾਬਲਾ ਖੇਡਣ ਉੱਤਰੀ ਸੀ। ਮੁਕਾਬਲੇ ਦੇ ਪਹਿਲੇ ਹਾਫ 'ਚ ਪੂਰੀ ਤਰ੍ਹਾਂ ਡਾਮੀਨੇਟ ਕਰਨ ਦੇ ਬਾਵਜੂਦ ਟੀਮ ਗੋਲ ਹਾਸਲ ਨਾ ਕਰ ਸਕੀ।

ਦੂਜੇ ਹਾਫ 'ਚ ਦੱਖਣੀ ਅਫਰੀਕਾ ਵੀ ਕੁਝ ਮੌਕਿਆਂ 'ਤੇ ਗੋਲ ਕਰਨ ਦੇ ਬੇਹੱਦ ਨਜ਼ਦੀਕ ਪਹੁੰਚ ਗਈ ਸੀ ਪਰ ਮੁਕਾਬਲੇ ਦੇ 75ਵੇਂ ਮਿੰਟ 'ਚ ਟੀਮ ਦੇ ਇੰਜਰੀ ਕਾਰਨ ਬਾਹਰ ਚੱਲ ਰਹੇ ਕਪਤਾਨ ਅਲਫਾਂਸੋ ਡੇਵਿਸ ਨੂੰ ਮੈਦਾਨ 'ਚ ਉਤਾਰਿਆ ਗਿਆ ਅਤੇ ਮੋਮੈਂਟਮ ਇੱਕ ਵਾਰ ਫਿਰ ਤੋਂ ਕੈਨੇਡਾ ਦੇ ਪੱਖ 'ਚ ਆ ਗਿਆ।

ਸਟੌਪੇਜ ਟਾਈਮ ਦੇ ਵਿੱਚ ਬਾਲ ਜੈਕਬ ਸ਼ੈਫਲਬਰਗ ਦੇ ਕੋਲ ਸੀ, ਜਿੰਨਾ ਡੀ ਅੰਦਰ ਪਾਸ ਦੇਣ ਦੀ ਕੋਸ਼ਿਸ਼ ਕੀਤੀ, ਪਰ ਦੱਖਣੀ ਅਫਰੀਕਾ ਦੇ ਡਿਫੈਂਡਰ ਦੇ ਹੈਡਰ ਨੇ ਬਾਲ ਡੀ ਦੇ ਬਾਹਰ ਸਟੀਫਨ ਐਸਟਾਕੀਓ ਕੋਲ ਪਹੁੰਚਾ ਦਿੱਤੀ। ਐਸਟਾਕੀਓ ਦੇ ਸਾਹਮਣੇ 3 ਡਿਫੈਂਡਰ ਸਨ, ਗੋਲਕੀਪਰ ਵੀ ਉਨ੍ਹਾਂ 'ਤੇ ਨਜਰਾਂ ਟਿਕਾ ਕੇ ਖੜ੍ਹਾ ਸੀ, ਅਤੇ ਇੱਕ ਡਿਫੈਂਡਰ ਪਿੱਛੇ ਤੋਂ ਐਸਟਾਕੀਓ ਨੂੰ ਟੈਕਲ ਕਰਨ ਲਈ ਦੌੜ ਕੇ ਆ ਰਿਹਾ ਸੀ।

ਇਸ ਸਭ ਦਰਮਿਆਨ ਐਸਟਾਕੀਓ ਨੇ ਜ਼ਬਰਦਸਤ ਕਿੱਕ ਲਗਾਈ ਅਤੇ ਜਿਵੇਂ ਹੀ ਬਾਲ ਗੋਲ ਦੇ ਅੰਦਰ ਪਹੁੰਚੀ, ਸਟੇਡੀਅਮ, ਵੱਖੋ-ਵੱਖਰੇ ਸੌਕਰ ਜ਼ੋਨ ਅਤੇ ਪੂਰਾ ਕੈਨੇਡਾ ਜੋਸ਼ ਨਾਲ ਭਰ ਗਿਆ। ਟੀਮ ਕੈਨੇਡਾ ਨੇ ਇਤਿਹਾਸ ਰਚਦੇ ਹੋਏ ਰਾਊਂਡ ਆਫ 16 ਦੇ ਅੰਦਰ ਐਂਟਰੀ ਕਰ ਲਈ। ਅਸੀਂ ਸਰੀ ਦੇ ਸੌਕਰ ਫੈਨ ਜ਼ੋਨ 'ਚ ਲੋਕਾਂ ਦੇ ਉਤਸ਼ਾਹ ਅਤੇ ਰੋਮਾਂਚ ਨੂੰ ਕਨੈਕਟ ਐਫ.ਐਮ. ਦੇ ਕੈਮਰੇ 'ਚ ਕੈਪਚਰ ਕੀਤਾ। ਹੁਣ ਕੈਨੇਡਾ ਦਾ ਅਗਲਾ ਮੁਕਾਬਲਾ ਨੀਦਰਲੈਂਡ ਅਤੇ ਮੋਰੌਕੋ ਵਿਚਾਲੇ ਖੇਡੇ ਜਾਣ ਵਾਲੇ ਮੁਕਾਬਲੇ ਦੇ ਜੇਤੂ ਨਾਲ ਹੋਵੇਗਾ।




